ਫਗਵਾੜਾ 1 ਫਰਵਰੀ (ਸ਼ਿਵ ਕੋੜਾ) ਮੁਹੱਲਾ ਸ਼ਿਵਪੁਰੀ ਸ਼ਾਮ ਨਗਰ ‘ਚ ਨੌਜਵਾਨਾ ਦੀ ਸੰਸਥਾ ਫਗਵਾੜਾ ਕਲੱਬ ਵਲੋਂ ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਮਾਜ ਸੇਵਕ ਇੰਦਰਜੀਤ ਸਿੰਘ ਬਸਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਆਸ਼ੀਰਵਾਦ ਦਿੱਤਾ ਅਤੇ ਜੇਤੂ ਟੀਮ ਨੂੰ 3100 ਰੁਪਏ ਨਗਦ ਇਨਾਮ ਅਤੇ ਟਰਾਫੀ ਭੇਂਟ ਕੀਤੀ। ਉਪ ਜੇਤੂ ਟੀਮ ਨੂੰ ਵੀ 1100 ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਗਿਆ। ਉਹਨਾਂ ਕਿਹਾ ਕਿ ਨੌਜਵਾਨਾ ਨੂੰ ਹੋਰ ਗਤੀਵਿਧੀਆਂ ਦੇ ਨਾਲ ਹੀ ਖੇਡਾਂ ‘ਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਰੀਰ ਤੰਦਰੁਸਤ ਬਣਿਆ ਰਹਿੰਦਾ ਹੈ ਅਤੇ ਕਸਰਤ ਕਰਨ ਲਈ ਵਾਧੂ ਸਮੇਂ ਦੀ ਜਰੂਰਤ ਨਹÄ ਪੈਂਦੀ। ਪ੍ਰਬੰਧਕਾਂ ਅਨੁਸਾਰ ਟੂਰਨਾਮੈਂਟ ਵਿਚ ਕੁਲ 12 ਟੀਮਾਂ ਨੇ ਭਾਗ ਲਿਆ। ਹਰੇਕ ਮੈਚ ਪੰਜ ਓਵਰ ਦਾ ਸੀ। ਫਾਈਨਲ ਮੁਕਾਬਲੇ ਵਿਚ ਬੋਪਾਰਾਏ ਦੀ ਟੀਮ ਨੇ ਮੇਜਬਾਨ ਸ਼ਿਵਪੁਰੀ ਦੀ ਟੀਮ ਨੂੰ 23 ਦੌੜਾਂ ਨਾਲ ਸ਼ਿਕਸਤ ਦੇ ਕੇ ਟਰਾਫੀ ਅਤੇ ਨਗਦ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਲਵਪ੍ਰੀਤ ਬਸਰਾ, ਸੋਨੂੰ ਸ਼ਰਮਾ, ਮੋਹਨ, ਰਵੀ ਰੱਤੂ ਆਦਿ ਹਾਜਰ ਸਨ।