
ਨੰਗਲ ਟਾਊਨਸ਼ਿਪ/ ਰੋਪੜ,19 ਜੂਨ ( ) – ਆਪਣੇ ਮਿਸਾਲੀ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਵੱਖਰਾ ਸਥਾਨ ਰੱਖਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਜ਼ਿਲ੍ਹਾ ਰੋਪੜ ਅੰਦਰ ਨੰਗਲ ਟਾਊਨਸ਼ਿਪ ਦੇ ਬਾਬਾ ਧੁੰਨਾ ਜੀ ਮੰਦਿਰ ਨੂੰ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਇੱਕ ਐਂਬੂਲੈਂਸ ਦਿੱਤੀ ਗਈ ਹੈ।
ਐਂਬੂਲੈਂਸ ਦੇਣ ਲਈ ਨੰਗਲ ਟਾਊਨਸ਼ਿਪ ਵਿਖੇ ਉਚੇਚੇ ਤੌਰ ਤੇ ਪਹੁੰਚੇ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਤੇ ਅੱਜ ਇੱਥੇ ਬਾਬਾ ਧੁੰਨਾ ਜੀ ਮੰਦਰ ਨੂੰ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਐਂਬੂਲੈਂਸ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇੱਥੋਂ ਦੇ ਬੀ.ਬੀ.ਐਮ.ਬੀ. ਹਸਪਤਾਲ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ 4 ਡਾਇਲਸੈਸ ਯੂਨਿਟਾਂ ਨਾਲ ਇਸ ਖੇਤਰ ਦੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਲੋੜਵੰਦ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਨੇ ਹੁਣ ਇੱਥੇ ਟਰੱਸਟ ਵੱਲੋਂ ਇੱਕ ਲੈਬਾਰਟਰੀ ਬਣਾਉਣ ਦਾ ਫੈਸਲਾ ਵੀ ਲਿਆ ਹੈ,ਜੋ ਜਲਦ ਹੀ ਮੁਕੰਮਲ ਕਰ ਲਈ ਜਾਵੇਗੀ । ਇਸ ਤੋਂ ਇਲਾਵਾ ਨਾ ਦੱਸਿਆ ਕਿ ਨੰਗਲ ਟਾਊਨਸ਼ਿਪ ਦੇ ਸਰਕਾਰੀ ਹਸਪਤਾਲ ਨੂੰ ਇੱਕ ਵੈਂਟੀਲੇਟਰ ਵੀ ਜਲਦ ਹੀ ਟਰੱਸਟ ਵੱਲੋਂ ਭੇਟ ਕੀਤਾ ਜਾਵੇਗਾ ਜਦ ਕਿ ਇਸ ਖੇਤਰ ਅੰਦਰ ਟਰੱਸਟ ਵੱਲੋਂ ਆਪਣੀ ਪੈਨਸ਼ਨ ਸਕੀਮ ਤਹਿਤ ਜੋ 50 ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਸਨ,ਉਸ ਗਿਣਤੀ ਦੁੱਗਣੀ ਕਰਦਿਆਂ ਹੁਣ 100 ਪੈਨਸ਼ਨਾਂ ਕਰ ਦਿੱਤੀਆਂ ਗਈਆਂ ਹਨ। ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਇਸ ਖੇਤਰ ਅੰਦਰ ਟਰੱਸਟ ਵੱਲੋਂ ਪਿਛਲੇ ਦੋ ਮਹੀਨਿਆਂ ਤੋੰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਬੇਰੁਜ਼ਗਾਰਾਂ ਹੋਏ 150 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਸੀ, ਜੋ ਟਰੱਸਟ ਦੇ ਫ਼ੈਸਲੇ ਅਨੁਸਾਰ ਅਗਲੇ ਚਾਰ ਮਹੀਨਿਆਂ ਤੱਕ ਜਾਰੀ ਰਹੇਗਾ।
ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਜੀਤ ਸਿੰਘ ਓਬਰਾਏ,ਜਿਲ੍ਹਾ ਪ੍ਰਧਾਨ ਜੇ.ਕੇ.ਜੱਗੀ,ਡਾ.ਸੋਹਨਦੀਪ ਮੌੰਗਾ,ਟਰੱਸਟ ਦੇ ਨੰਗਲ ਟਾਊਨਸ਼ਿਪ ਤੋਂ ਅਹੁਦੇਦਾਰ ਮਿਸਟਰ ਮਲਿਕ,ਰਾਣਾ ਅਤੇ ਪੁਰੀ ਤੇ ਬਾਕੀ ਟੀਮ ਮੈਂਬਰ ਵੀ ਮੌਜੂਦ ਸਨ।