ਫਗਵਾੜਾ 26 ਅਗਸਤ (ਸ਼ਿਵ ਕੋੜਾ) ਪਿੰਡ ਸਾਹਨੀ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਖੋਲ•ਣ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਦੇ ਸਰਪੰਚ ਰਾਮਪਾਲ ਸਾਹਨੀ ਦੀ ਅਗਵਾਈ ਹੇਠ ਬੈਂਕ ਦੇ ਖੇਤਰੀ ਮੈਨੇਜਰ, ਜਲੰਧਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਸਰਪੰਚ ਰਾਮਪਾਲ ਸਾਹਨੀ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਬੈਂਕ ਦੀ ਕੋਈ ਬ੍ਰਾਂਚ ਨਹੀਂ ਹੈ। ਲੋਕਾਂ ਨੂੰ ਨੇੜਲੇ ਪਿੰਡ ਲੱਖਪੁਰ ਜਾਂ ਫਗਵਾੜਾ ਜਾਣਾ ਪੈਂਦਾ ਹੈ ਜਦਕਿ ਪਿੰਡ ਵਿਚ ਕਾਫੀ ਐਨ.ਆਰ.ਆਈ. ਹਨ ਅਤੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਉਹਨਾਂ ਦੱਸਿਆ ਕਿ ਲੱਖਪੁਰ ਦੀ ਬ੍ਰਾਂਚ ਵਿਚ ਕਾਫੀ ਭੀੜ ਰਹਿੰਦੀ ਹੈ ਕਿਉਂਕਿ ਕਾਫੀ ਪਿੰਡਾਂ ਦੇ ਲੋਕਾਂ ਨੂੰ ਇਹੋ ਬ੍ਰਾਂਚ ਸੱਭ ਤੋਂ ਨੇੜੇ ਪੈਂਦੀ ਹੈ। ਬਜੁਰਗਾਂ, ਵਿਧਵਾ ਔਰਤਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ ਲੈਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ। ਬਰਸਾਤ ਦੇ ਮੌਸਮ ਵਿਚ ਬੇਂਈ ਦਾ ਪੁਲ ਖਤਰਨਾਕ ਹੋਣ ਕਰਕੇ ਸਾਹਨੀ ਅਤੇ ਪ੍ਰੇਮਪੁਰ ਦੇ ਵਸਨੀਕਾਂ ਨੂੰ ਕਾਫੀ ਲੰਬਾ ਰਸਤਾ ਤੈਅ ਕਰਕੇ ਆਉਣਾ-ਜਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਪਿੰਡ ਦੇ ਕਾਫੀ ਲੋਕਾਂ ਦੇ ਗ੍ਰਾਮੀਣ ਬੈਂਕ ਵਿਚ ਬਚਤ ਖਾਤੇ ਹਨ ਲੇਕਿਨ ਪਿੰਡ ਵਿਚ ਬ੍ਰਾਂਚ ਨਾ ਹੋਣ ਕਰਕੇ ਭਾਰੀ ਦਿੱਕਤ ਹੁੰਦੀ ਹੈ। ਉਹਨਾਂ ਦੱਸਿਆ ਕਿ ਖੇਤਰੀ ਮੈਨੇਜਰ ਨੇ ਭਰੋਸਾ ਦਿੱਤਾ ਹੈ ਕਿ ਉੱਚ ਅਧਿਕਾਰੀਆਂ ਤੱਕ ਉਹਨਾਂ ਦੀ ਮੰਗ ਨੁੰ ਜਰੂਰ ਪਹੁੰਚਾਇਆ ਜਾਵੇਗਾ। ਇਸ ਮੌਕੇ ਸੁਖਵਿੰਦਰ ਕੌਰ ਸਰਪੰਚ ਰਣਧੀਰਗੜ, ਪਰਮਜੀਤ ਕੌਰ ਸਰਪੰਚ ਪ੍ਰੇਮਪੁਰ, ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ, ਮੈਂਬਰ ਪੰਚਾਇਤ ਜਰਨੈਲ ਸਿੰਘ ਸਾਹਨੀ, ਹਰਮੇਸ਼ ਸਿੰਘ ਸਾਹਨੀ, ਨੰਬਰਦਾਰ ਦੇਵੀ ਪ੍ਰਕਾਸ਼, ਕਾਮਰੇਡ ਰਣਦੀਪ ਸਿੰਘ ਰਾਣਾ, ਅਮਰੀਕ ਸਿੰਘ ਆਦਿ ਹਾਜਰ ਸਨ।