ਜਲੰਧਰ : ਬਟਾਲਾ ਦੇ ਜਲੰਧਰ ਰੋਡ ਨਜ਼ਦੀਕ ਹੰਸਲੀ ਪੁਲ਼ ‘ਤੇ ਲੱਗੇ ਪੁਲਿਸ ਨਾਕੇ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਾਕੇ ਦੌਰਾਨ ਪੁਲਿਸ ਦੇ ਇਕ ਏਐੱਸਆਈ ਵੱਲੋਂ 2 ਨੌਜਵਾਨਾਂ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਇਕ ਨੌਜਵਾਨ ਦੀ ਦਸਤਾਰ ਲਾਹੁਣ ਅਤੇ ਭੱਦੀ ਸ਼ਬਦਾਵਲੀ ਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸਤਾਰ ਦੀ ਬੇਅਦਬੀ ਤੋਂ ਬਾਅਦ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ। ਸੁਖਜਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੁੱਲਰ ਰੋਡ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਦਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਉਮਰਪੁਰਾ ਨਾਲ ਜਨਰੇਟਰ ਰਿਪੇਅਰ ਲਈ ਜਾ ਰਿਹਾ ਸੀ ਕਿ ਜਲੰਧਰ ਰੋਡ ਨਜ਼ਦੀਕ ਵਿਸ਼ਾਲ ਮੈਗਾਮਾਰਟ ਲਾਗੇ ਲੱਗੇ ਨਾਕੇ ‘ਤੇ ਏਐੱਸਆਈ ਬਲਵੀਰ ਸਿੰਘ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਰੋਕਦਿਆਂ ਸਾਰ ਹੀ ਪੁਲਿਸ ਅਧਿਕਾਰੀ ਨੇ ਬਗੈਰ ਕਿਸੇ ਗੱਲ ‘ਤੇ ਉਨ੍ਹਾਂ ‘ਤੇ ਲੜਕੀ ਨੂੰ ਛੇੜਣ ਦਾ ਦੋਸ਼ ਲਗਾ ਦਿੱਤਾ ਹੈ। ਨਾਲ ਹੀ ਉਸ ਦੀ ਦਸਤਾਰ ਦੀ ਬੇਅਦਬੀ ਕਰ ਦਿੱਤੀ।

ਉੱਧਰ ਏਐੱਸਆਈ ਬਲਵੀਰ ਸਿੰਘ ਨੇ ਕਿਹਾ ਕਿ ਉਸ ਨੇ ਨੌਜਵਾਨਾਂ ਨੂੰ ਲੜਕੀਆਂ ਨੂੰ ਛੇੜਦਿਆਂ ਦੇਖਿਆ ਸੀ। ਜਦੋਂ ਰੋਕਿਆ ਤਾਂ ਨੌਜਵਾਨਾਂ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ। ਉੱਧਰ ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਨੌਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਉਕਤ ਪੁਲਿਸ ਅਧਿਕਾਰੀ ਦੇ ਰਵਈਏ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਮੰਗ ਕੀਤੀ ਕਿ ਦਸਤਾਰ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕੀਤਾ ਜਾਵੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬਲਬੀਰ ਸਿੰਘ ਬਿੱਟੂ, ਆਪ ਆਗੂ ਅਮਨ ਸ਼ੈਰੀ, ਲਿਪ ਆਗੂ ਵਿਜੇ ਤ੍ਰੇਹਨ, ਗੁਰਪ੍ਰੀਤ ਸਿੰਘ ਸਦਭਾਵਨਾ ਦਲ, ਜਥੇਦਾਰ ਹਰਕਮਲ ਸਿੰਘ ਗੁਰੂ ਨਾਨਕ ਦਲ, ਯੂਥ ਅਕਾਲੀ ਆਗੂ ਸੁਰਿੰਦਰ ਪਾਲ ਸਿੰਘ ਸੰਧੂ, ਕੌਂਸਲਰ ਹਰਵਿੰਦਰ ਸਿੰਘ ਕਲਸੀ, ਨਵੀਨ ਗੁੱਡੂ, ਸੰਜੀਵ ਸ਼ਰਮਾ ਆਦਿ ਨੇ ਮੌਕੇ ਤੇ ਪਹੁੰਚ ਕੇ ਨੌਜਵਾਨਾਂ ਨੂੰ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ।
ਐੱਸਪੀ ਓਪਰੇਸ਼ਨ ਵਰਿੰਦਰਪ੍ਰੀਤ ਸਿੰਘ, ਐੱਸਐੱਚਓ ਮੁਖਤਿਆਰ ਸਿੰਘ ਸਿਟੀ, ਐੱਸਐੱਚਓ ਪਰਮਜੀਤ ਸਿੰਘ ਸਿਵਲ ਲਾਈਨ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ।