ਕਰਤਾਰਪੁਰ,27 ਅਕਤੂਬਰ ( )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਡਵੀਜ਼ਨ ਪਾਵਰਕੌਮ ਕਰਤਾਰਪੁਰ ਦੇ ਦਫ਼ਤਰ ਵਿਖੇ ਜੁੜੇ ਸੈਂਕੜੇ ਪੇਂਡੂ ਮਜ਼ਦੂਰਾਂ ਵਲੋਂ ਘਰੇਲੂ ਬਿਜਲੀ ਬਿੱਲ ਫ਼ੂਕ ਕੇ ਮੁਜ਼ਾਹਰਾ ਕਰਕੇ ਮੰਗ ਕੀਤੀ ਗਈ ਕਿ ਬਿਨ੍ਹਾਂ ਜਾਤ-ਪਾਤ,ਧਰਮ,ਲੋਡ ਦੀ ਸ਼ਰਤ ਬੇਜ਼ਮੀਨੇ ਲੋਕਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਜਾਣ ਤੇ ਪਿਛਲੇ ਬਕਾਏ ਬਿੱਲਾਂ ਉੱਪਰ ਲਕੀਰ ਫ਼ੇਰੀ ਜਾਵੇ।
ਇਸ ਮੌਕੇ ਸੀਨੀਅਰ ਕਾਰਜ਼ਕਾਰੀ ਇੰਜੀਨੀਅਰ ਵੰਡ ਵਿਨੈ ਸ਼ਰਮਾ ਨੂੰ ਬਿੱਲ ਮੁਆਫ਼ੀ ਤੇ ਕੱਟੇ ਕੁਨੈਕਸ਼ਨ ਚਾਲੂ ਕਰਨ ਸੰਬੰਧੀ ਲਿਸਟਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਯੂਨੀਅਨ ਵਲੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਉੱਤੇ 29 ਅਕਤੂਬਰ ਨੂੰ ਮੁੱਖ ਮੰਤਰੀ ਦੇ ਘਰ ਮੋਰਿੰਡਾ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੰਘਰਸ਼ ਸਦਕਾ ਸੂਬਾ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਅਫ਼ਸਰਸ਼ਾਹੀ ਟਾਲ-ਮਟੋਲ ਹੀ ਨਹੀਂ ਕਰ ਰਹੀ ਸਗੋਂ ਮਜ਼ਦੂਰਾਂ ਨੂੰ ਖੱਜਲ ਖੁਆਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਗ੍ਰਾਮ ਸਭਾ ਦੇ ਅਜਲਾਸ ਬੁਲਾਉਣ ਦੀ ਥਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸਿਆਸਤਦਾਨਾਂ ਨਾਲ ਗੱਠਜੋੜ ਬਣਾ ਕੇ ਇਹਨਾਂ ਪਰਿਵਾਰਾਂ ਦਾ ਹੱਕ ਮਾਰਨ ਲਈ ਕੋਝੀਆਂ ਸਾਜ਼ਿਸ਼ਾਂ ਘੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਵੀ ਸਮੁੱਚੇ ਮਜ਼ਦੂਰਾਂ, ਦਲਿਤਾਂ ਨੂੰ ਲਾਭ ਨਹੀਂ ਦਿੱਤਾ ਗਿਆ। ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਮਾਰਨ ਲਈ ਦਲਿਤਾਂ ਉੱਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ।ਸਮਾਜਿਕ ਜ਼ਬਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ।
ਉਨ੍ਹਾਂ ਨੇ ਸਮੁੱਚੇ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ 29 ਅਕਤੂਬਰ ਨੂੰ ਮੁੱਖ ਮੰਤਰੀ ਦੇ ਘਰ ਮੋਰਿੰਡਾ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਹੈ।
ਇਸ ਮੌਕੇ ਯੂਨੀਅਨ ਦੀ ਤਹਿਸੀਲ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ, ਸਰਬਜੀਤ ਕੌਰ, ਜਰਨੈਲ ਸਿੰਘ, ਬਲਵਿੰਦਰ ਕੌਰ, ਪਰਮਜੀਤ ਕੌਰ, ਤਹਿਸੀਲ ਭੁਲੱਥ ਦੇ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ,ਸਕੱਤਰ ਵਰਿੰਦਰਪਾਲ ਅਤੇ ਕੁਲਵਿੰਦਰ ਕੌਰ ਇਬਰਾਹੀਮਵਾਲ ਆਦਿ ਨੇ ਸੰਬੋਧਨ ਕੀਤਾ।