ਜਲੰਧਰ,22 ਮਈ, (ਨਿਤਿਨ )
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਦਿਆਲਪੁਰ ਵਿਖੇ ਦਲਿਤ ਔਰਤਾਂ ਤੇ ਨੌਜਵਾਨ ਲੜਕੀ ਨਾਲ ਵਧੀਕੀ ਕਰਨ ਦੇ ਮਾਮਲੇ ਸੰਬੰਧੀ ਮੁਕੱਦਮਾ ਨੰਬਰ 55/2023 ਐੱਸ ਸੀ, ਐੱਸ ਟੀ ਅੱਤਿਆਚਾਰ ਰੋਕੂ ਕਾਨੂੰਨ ਅਤੇ ਹੋਰ ਧਾਰਾਵਾਂ ਤਹਿਤ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕਰਵਾਉਣ,ਹਮਲਾਵਰ ਅਗਿਆਤ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਸਭਨਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਚ ਧਰਨੇ ਮੁਜ਼ਾਹਰੇ ਕਰਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਪੁੱਜੀਆਂ ਰਿਪੋਰਟਾਂ ਅਨੁਸਾਰ ਇਹ ਧਰਨੇ ਮੁਜ਼ਾਹਰੇ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ,ਕਪੂਰਥਲਾ, ਜਲੰਧਰ,ਮੁਕਤਸਰ ਅਤੇ ਜਗਰਾਓਂ ਵਿਖੇ ਕੀਤੇ ਗਏ। ਮੋਗਾ ਵਿਖੇ 23 ਮਈ ਨੂੰ ਕੀਤਾ ਜਾਵੇਗਾ ਅਤੇ ਜੈਤੋਂ ਵਿਖੇ 24 ਮਈ ਨੂੰ ਪੱਕਾ ਮੋਰਚਾ ਲੱਗੇਗਾ।
ਜਲੰਧਰ ਵਿਖੇ ਪੇਂਡੂ ਮਜ਼ਦੂਰ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਐੱਸ ਐੱਸ ਪੀ ਜਲੰਧਰ ਦਿਹਾਤੀ ਦੇ ਦਫ਼ਤਰ ਅੱਗੇ ਪੁੱਜੇ ਅਤੇ ਉਹਨਾਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਰੀਬ 2 ਘੰਟੇ ਦਫ਼ਤਰ ਦਾ ਘਿਰਾਓ ਕੀਤਾ। ਐੱਸ ਪੀ ਸਥਾਨਕ ਸਰਬਜੀਤ ਸਿੰਘ ਰਾਏ ਨੇ ਮੰਗ ਪੱਤਰ ਲੈਕੇ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਉਪਰੰਤ ਯੂਨੀਅਨ ਵਲੋਂ ਡੀਸੀ ਦਫ਼ਤਰ ਅੱਗੇ ਪੁੱਜ ਕੇ ਧਰਨਾ ਪ੍ਰਦਰਸ਼ਨ ਕਰਨ ‘ਤੇ ਤਹਿਸੀਲਦਾਰ ਜਲੰਧਰ -2 ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਲਿਆ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਮਜ਼ਦੂਰ ਕਿਸਾਨਾਂ ਦੇ ਖਾੜਕੂ ਸੰਘਰਸ਼ਾਂ ਤੋਂ ਬਾਅਦ ਮੌਕੇ ਦੀ ਸਰਕਾਰ ਨੂੰ ਲੈਂਡ ਸੀਲਿੰਗ ਐਕਟ 1972 ਬਣਾਉਣਾ ਪਿਆ ਸੀ।ਜਿਸ ਤਹਿਤ ਸਾਢੇ ਸਤਾਰਾਂ ਏਕੜ ਦੀ ਹੱਦ ਮਿੱਥੀ ਗਈ। ਸਾਢੇ ਸਤਾਰਾਂ ਏਕੜ ਤੋਂ ਵਾਧੂ ਜ਼ਮੀਨਾਂ ਸਰਪਲੱਸ ਕਰਕੇ ਸਰਕਾਰ ਨੇ ਬੇਜ਼ਮੀਨੇ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਵੰਡਣੀਆਂ ਸਨ ਲੇਕਿਨ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਗਈਆਂ ਪ੍ਰੰਤੂ ਕਿਸੇ ਨੇ ਵੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਆਪਣੇ ਕਬਜ਼ੇ ਵਿੱਚ ਲੈ ਕੇ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਵਿੱਚ ਨਹੀਂ ਵੰਡੀਆਂ। ਜ਼ਮੀਨਾਂ ਵੰਡਣ ਦੀ ਥਾਂ ਆਟਾ ਦਾਲ ਵਰਗੀਆਂ ਖ਼ੈਰਾਤਾਂ ਵਿੱਚ ਜ਼ਰੂਰ ਲੋਕਾਂ ਨੂੰ ਉਲਝਾਈ ਰੱਖਿਆ।
ਉਨ੍ਹਾਂ ਕਿਹਾ ਕਿ ਯੂਨੀਅਨ ਨੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲੜ ਰਹੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਨੂੰ ਲੈਂਡ ਸੀਲਿੰਗ ਐਕਟ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ, ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਨੂੰ ਰਾਖਵੇਂ ਤੀਜੇ ਹਿੱਸੇ ਦਾ ਹੱਕ ਪੱਕੇ ਤੌਰ ਉੱਤੇ ਦੇਣ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦੇਣ , ਰਿਹਾਇਸ਼ੀ ਪਲਾਟ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ,ਹਰ ਖੇਤਰ ਵਿੱਚ ਮਜ਼ਦੂਰਾਂ ਦੀ ਦਿਹਾੜੀ 1000 ਰੂਪਏ ਕਰਨ ਤੇ ਲਗਾਤਾਰ ਮਜ਼ਦੂਰਾਂ ਨੂੰ ਲੋੜ ਅਨੁਸਾਰ ਰੁਜ਼ਗਾਰ ਦੇਣ,ਸਰਕਾਰੀ, ਸਹਿਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜ਼ਬਰ ਦੇ ਖਾਤਮੇ ਵਰਗੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ? ਅਤੇ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰੋਗੇ ? ਆਦਿ ਸੰਬੰਧੀ ਸਵਾਲ ਪੁੱਛੇ ਗਏ। ਲੇਕਿਨ ਕਿਸੇ ਪਾਸ ਵੀ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਸੀ। ਉਨ੍ਹਾਂ ਕਿਹਾ ਕਿ ਮਿਤੀ 7 ਮਈ 2023 ਨੂੰ ਕਰਤਾਰਪੁਰ ਨੇੜਲੇ ਪਿੰਡ ਦਿਆਲਪੁਰ ਵਿਖੇ ਵੋਟਾਂ ਮੰਗਣ ਗਏ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਪੇਂਡੂ ਮਜ਼ਦੂਰ ਆਗੂ ਔਰਤਾਂ ਤੇ ਨੌਜਵਾਨ ਲੜਕੀ ਵਲੋਂ ਇਹੀ ਸਵਾਲ ਕੀਤੇ ਗਏ ਸਨ ਲੇਕਿਨ ਉਸ ਵਲੋਂ ਜਵਾਬ ਦੇਣ ਦੀ ਥਾਂ ਬੁਖਲਾਹਟ ਵਿੱਚ ਆ ਕੇ ਆਪਣੇ ਉੱਚ ਜਾਤੀ ਤੇ ਰਸੂਖ਼ ਦੇ ਘੁਮੰਡ ‘ਚ ਆਪਣੀ ਮੁੱਛ ਦਾ ਸਵਾਲ ਬਣਾ ਕੇ ਕੀਤੇ ਇਸ਼ਾਰਾ ਉਪਰੰਤ ਉਸਦੇ ਲੱਠਮਾਰਾਂ ਵਲੋਂ ਔਰਤਾਂ ਤੇ ਲੜਕੀ ਨੂੰ ਜਨਤਕ ਤੌਰ ਉੱਤੇ ਜ਼ਲੀਲ ਕਰਨ ਕਰਦਿਆਂ ਉਹਨਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਅਪਸ਼ਬਦ ਵੀ ਬੋਲੇ ਗਏ। ਪੁਲਿਸ ਵਲੋਂ ਸਿਆਸੀ ਦਬਾਅ ਹੇਠ ਮਜੀਠੀਏ ਨੂੰ ਬਚਾਉਣ ਖ਼ਾਤਰ ਜਾਣਬੁੱਝ ਕੇ ਨਾਮਜ਼ਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਨੀਤੀਆਂ ਤੇ ਨੀਅਤ ਕਾਰਪੋਰੇਟ ਪੱਖੀ ਅਤੇ ਮਿਹਨਤੀ ਲੋਕਾਂ ਵਿਰੋਧੀ ਹੈ। ਜਿਸ ਦੇ ਖਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਬਚਦਾ।
ਇਸ ਮੌਕੇ ਇੱਕ ਮਤਾ ਪਾਸ ਕਰਕੇ ਗੈਰ ਪੰਜਾਬੀ ਮਜ਼ਦੂਰਾਂ ਤੇ ਘੱਟ ਗਿਣਤੀ ਈਸਾਈ ਭਾਈਚਾਰੇ ਉੱਪਰ ਗਿਣੀ ਮਿਥੀ ਸਾਜ਼ਿਸ਼ ਤਹਿਤ ਹਮਲੇ ਕਰਨ ਦੀ ਨਿੰਦਾ ਕੀਤੀ ਗਈ।
ਅੱਜ ਦੇ ਧਰਨੇ ਮੁਜ਼ਾਹਰਿਆਂ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂਆਂ ਕੰਵਲਜੀਤ ਸਨਾਵਾ,ਰਾਜ ਕੁਮਾਰ ਪੰਡੋਰੀ,ਹੰਸ ਰਾਜ ਪੱਬਵਾਂ,ਹਰੀ ਰਾਮ ਰਸੂਲਪੁਰੀ,ਨਿਰਮਲ ਸਿੰਘ ਸ਼ੇਰਪੁਰ ਸੱਧਾ, ਸੁਖਦੇਵ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਚੀਦਾ,ਜੀ ਐੱਸ ਅਟਵਾਲ, ਲਖਵੰਤ ਕਿਰਤੀ, ਅਸ਼ੋਕ ਜਨਾਗਲ,ਮੇਜਰ ਸਿੰਘ ਕੋਟ ਟੋਡਰਮੱਲ, ਅਮਰਜੀਤ ਜਵਾਲਾਪੁਰ, ਗੁਰਬਖਸ਼ ਕੌਰ ਆਦਿ ਨੇ ਵੀ ਸੰਬੋਧਨ ਕੀਤਾ।