ਫਗਵਾੜਾ 10 ਸਤੰਬਰ  (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ, ਸੀਨੀਅਰ ਆਗੂ ਐਡਵੋਕੇਟ ਕੁਲਦੀਪ ਭੱਟੀ, ਤਰਸੇਮ ਚੁੰਬਰ ਸੂਬਾਈ ਆਗੂ ਅਤੇ ਨਰਿੰਦਰ ਬਿੱਲਾ ਸਾਬਕਾ ਸਰਪੰਚ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਸਾਹਮਣੇ ਆਏ ਘੋਟਾਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤਕ ਕੈਬਿਨੇਟ ਦੇ ਸਬੰਧਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਹੈ ਜਿਸ ਤੋਂ ਸਪਸ਼ਟ ਹੈ ਕਿ ਕੈਪਟਨ ਸਰਕਾਰ ਆਪਣੇ ਮੰਤਰੀ ਨੂੰ ਬਚਾਉਣਾ ਚਾਹੁੰਦੀ ਹੈ ਲੇਕਿਨ ਬਸਪਾ ਐਸ.ਸੀ. ਵਿਦਿਆਰਥੀਆਂ ਦੇ ਹੱਕ ਲਈ ਉਦੋਂ ਤੱਕ ਸੰਘਰਸ਼ ਕਰੇਗੀ ਜਦ ਤਕ ਸਕਾਲਰਸ਼ਿਪ ਘੋਟਾਲੇ ਵਿਚ ਸ਼ਾਮਲ ਮੰਤਰੀ ਤੋਂ ਸੰਤਰੀ ਤੱਕ ਸਾਰੇ ਦੋਸ਼ੀ ਜੇਲਾ ਦੀਆਂ ਸਲਾਘਾਂ ਪਿੱਛੇ ਕੈਦ ਨਹੀਂ ਕੀਤੇ ਜਾਂਦੇ। ਉਕਤ ਆਗੂਆਂ ਨੇ ਸਰਕਾਰੀ ਹਦਾਇਤਾਂ ਦੀ ਅਣਦੇਖੀ ਕਰਨ ਵਾਲੇ ਕਾਲਜਾਂ ਅਤੇ ਯੁਨੀਵਰਸਿਟੀਆਂ ਦੀ ਮਾਨਤਾ ਰੱਦ ਕਰਨ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਕਾਲਜ ਅਤੇ ਯੁਨੀਵਰਸਿਟੀ ਪ੍ਰਬੰਧਕਾਂ ਵਲੋਂ ਸਕਾਲਰਸ਼ਿਪ ਸਕੀਮ ਅਧੀਨ ਕਵਰ ਹੁੰਦੇ ਵਿਦਿਆਰਥੀਆਂ ਨੂੰ ਖੱਜਲ ਖੁਆਰ ਅਤੇ ਜਲੀਲ ਕੀਤਾ ਜਾਂਦਾ ਹੈ। ਉਹਨਾਂ ਤਿੱਖੇ ਲਹਿਜੇ ਵਿਚ ਕਿਹਾ ਕਿ ਜੇਕਰ ਕਾਲਜਾਂ ਤੇ ਯੁਨੀਵਰਸਿਟੀਆਂ ਨੇ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਾ ਤਾਂ ਗੇਟ ਦੇ ਬਾਹਰ ਬੋਰਡ ਲਗਾਉਣ ਕਿ ਇੱਥੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਹੀਂ ਹੈ। ਇਸ ਮੌਕੇ ਪਰਮਜੀਤ ਖਲਵਾੜਾ, ਅਰੁਣ ਸੁਮਨ, ਪ੍ਰਨੀਸ਼ ਬੰਗਾ, ਮਨਜੀਤ ਵਾਹਦ, ਨਿਰਮਲ ਸਿੰਘ ਮਲਕਪੁਰ ਆਦਿ ਹਾਜਰ ਸਨ।