ਚੰਡੀਗੜ੍ਹ : ਪੰਜਾਬ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ ‘ਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ‘ਚ ਬਾਜਵਾ ਨੇ ਲਿਖਿਆ ਹੈ ਕਿ ਕੁਨਬਾਪਰਵਰੀ ਸੂਬੇ ਦੇ ਹਿਤਾਂ ਦੇ ਵਿਰੁੱਧ ਹੈ ਅਤੇ ਅਤੁਲ ਨੰਦਾ ਦੀ ਐਡਵੋਕੇਟ ਜਨਰਲ ਪੰਜਾਬ ਵਜੋਂ ਨਿਯੁਕਤੀ ਇਸ ਦੀ ਪ੍ਰਤੱਖ ਮਿਸਾਲ ਹੈ ਕਿ ਉਨ੍ਹਾਂ ਦੀ ਨਿਯੁਕਤੀ ਇਸ ਕਾਰਨ ਹੋਈ ਹੈ ਕਿ ਉਹ ਤੁਹਾਡੇ ਨੇੜੇ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀ ਅਯੋਗਤਾ ਇਸ ਤੋਂ ਵੀ ਸਾਬਤ ਹੁੰਦੀ ਹੈ ਕਿ ਵੱਖ-ਵੱਖ ਫ਼ੌਜਦਾਰੀ ਮਾਮਲਿਆਂ ‘ਚ ਉਹ ਸੂਬੇ ਦੇ ਹਿਤਾਂ ਦੀ ਰਾਖੀ ਕਰਨ ‘ਚ ਵਾਰ-ਵਾਰ ਅਸਫਲ ਰਹੇ ਹਨ। ਉਨ੍ਹਾਂ ਨੇ ਆਪਣੇ ਪੱਤਰ ‘ਚ ਕਈ ਕੇਸਾਂ ਦਾ ਹਵਾਲਾ ਵੀ ਦਿੱਤਾ ਹੈ।