ਜਲੰਧਰ 19 ਅਗਸਤ 2020
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇ ਨਜ਼ਰ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਹਤਰ ਇਲਾਜ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਬਿਨਾਂ ਕੋਈ ਸਮਝੌਤਾ ਸਹੀ ਬੱਧ ਕੀਤਿਆਂ ਅਤੇ ਫ਼ੀਸ ਜਮ੍ਹਾਂ ਕਰਵਾਉਣ ਤੋਂ ਬਗੈਰ ਵੈਂਟੀਲੇਟਰ ਮੁਹੱਈਆ ਕਰਵਾਉਣ ਦਾ ਵੱਡਾ ਫ਼ੈਸਲਾ ਲਿਆ ਗਿਆ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਨੂੰ ਲੋੜ ਹੋਵੇ ਤਾਂ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ ਅਤੇ ਉਨਾ ਵਲੋਂ ਵੈਂਟੀਲੇਟਰ ਨੂੰ ਚਲਾਉਣ ਲਈ ਕੇਵਲ ਲੋੜੀਂਦੇ ਸਟਾਫ਼ ਦੀ ਹੀ ਹੋੜ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਲੋੜ ਅਨੁਸਾਰ ਉਨ੍ਹਾਂ ਨਾਲ ਵੈਂਟੀਲੇਟਰਾਂ ਲਈ ਸੰਪਰਕ ਕਰ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫ਼ੈਸਲਾ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੌਰਾਨ ਵੈਂਟੀਲੇਟਰਾਂ ਦੀ ਘਾਟ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਜਿਥੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਇਆ ਜਾ ਸਕੇਗਾ ਉਥੇ ਵੱਧ ਰਹੇ ਕੇਸਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਗੁਲਾਬ ਦੇਵੀ ਹਸਪਤਾਲ ਵਿਖੇ ਛੇ ਵੈਂਟੀਲੇਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ,ਜਿਥੋਂ ਕੁਝ ਪ੍ਰਾਈਵੇਟ ਹਸਪਤਾਲਾਂ ਵਲੋਂ ਸਹੂਲਤ ਦਾ ਲਾਭ ਉਠਾਉਂਦਿਆਂ ਨੋਵੇਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਵੈਂਟੀਲੇਟਰਾਂ ਦੀ ਸਾਂਭ ਸੰਭਾਲ ਦੇ ਨਾਲ ਇਨਾਂ ਨੂੰ ਚਾਲੂ ਹਾਲਤ ਵਿੱਚ ਰੱਖਣਾ ਹੋਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਅਤਿ ਆਧੁਨਿਕ ਸਿਹਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਮਿਸ਼ਨ ਫ਼ਤਿਹ ਪ੍ਰੋਗਰਾਮ ਤਹਿਤ ਕੋਵਿਡ-19 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।ਥੋਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਆਈ.ਸੀ.ਯੂ.ਵਿੱਚ 28 ਬੈਡਾਂ ਨੂੰ 56 ਬੈਡਾਂ ਤੱਕ ਅਪ੍ਰਗੇ੍ਰਡ ਕਰਨ ਤੋਂ ਇਲਾਵਾ ਦੋ ਹਾਈ ਫਲੋ ਨੈਸੇਲ ਆਕਸੀਜਨ ਥੈਰੇਪੀ ਮਸ਼ੀਨਾਂ , ਮਲਟੀਪੈਰਾ ਮੌਨੀਟਰ, ਪਲਸ ਔਕਸੀਮੀਟਰ, ਇੰਨਫੂਜ਼ਨ ਪੰਪ, ਸਕਸ਼ਨ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਈ.ਸੀ.ਯੂ. ਨੂੰ ਆਧੁਨਿਕ ਲੀਹਾਂ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦਾ ਸਾਹਮਣਾ ਕਰਨਾ ਲਈ ਪੂਰੇ ਸਾਧਨਾਂ ਅਤੇ ਮਨੁੱਖੀ ਸਰੋਤਾਂ ਨਾਲ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਕਾਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਕਜੁੱਟਤਾ ਨਾਲ ਕੋਵਿਡ-19 ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ,ਜਿਨ੍ਹਾਂ ਵਲੋਂ ਅਪਣੇ ਘਰਾਂ ਵਿੱਚ ਰਹਿਣ ਨੂੰ ਯਕੀਨੀ ਬਣਾ ਕੇ ਇਸ ਲੜਾਈ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।