ਨਵੀਂ ਦਿੱਲੀ:
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਅੱਜ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਕਾਂਗਰਸ ਦੇ ਇਕ ਪੰਜ ਮੈਂਬਰੀ ਵਫ਼ਦ ਨੂੰ ਲਖ਼ੀਮਪੁਰ ਖ਼ੀਰੀ ਜਾਣ ਦੀ ਇਜਾਜ਼ਤ ਦਿੱਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹੋਰਨਾਂ ਪਾਰਟੀਆਂ ਦੇ ਵਫ਼ਦਾਂ ਨੂੰ ਵੀ ਲਖ਼ੀਮਪੁਰ ਖ਼ੀਰੀ ਆਉਣ ਸੰਬੰਧੀ ਇਜਾਜ਼ਤ ਦੇ ਦਿੱਤੀ ਹੈ।
ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਵਫ਼ਦ ਵਿੱਚ ਹੁਣ ਸ੍ਰੀਮਤੀ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਭੁਪੇਸ਼ ਬਘੇਲ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਰਣਦੀਪ ਸਿੰਘ ਸੂਰਜੇਵਾਲਾ ਸ਼ਮਿਲ ਹੋਣਗੇ।
ਸ੍ਰੀ ਰਾਹੁਲ ਗਾਂਧੀ ਅੱਜ ਦਿੱਲੀ ਵਿਖ਼ੇ ਸ੍ਰੀ ਸੂਰਜੇਵਾਲਾ, ਸ: ਚੰਨੀ ਅਤੇ ਸ੍ਰੀ ਬਘੇਲ ਦੇ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਉਪਰੰਤ ਹਵਾਈ ਜਹਾਜ਼ ਰਾਹੀਂ ਲਖ਼ਨਊ ਪੁੱਜੇ ਜਿੱਥੋਂ ਉਹ ਸੀਤਾਪੁਰ ਜਾਣਗੇ ਜਿੱਥੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਰੱਖ਼ਿਆ ਗਿਆ ਸੀ। ਇੱਥੋਂ ਇਹ ਪੰਜ ਮੈਂਬੀਰੀ ਵਫ਼ਦ ਲਖ਼ੀਮਪੁਰ ਖ਼ੀਰੀ ਲਈ ਰਵਾਨਾ ਹੋਵੇਗਾ।
ਯਾਦ ਰਹੇ ਕਿ ਉੱਤਰ ਪ੍ਰਦੇਸ਼ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਮਦ ਰੋਕੇ ਜਾਣ ਕਾਰਨ ਨਾ ਕੇਵਲ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੀ ਅਲੋਚਨਾ ਹੋ ਰਹੀ ਸੀ ਸਗੋਂ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ’ਤੇ ਵੀ ਤਿੱਖੇ ਹਮਲੇ ਬੋਲੇ ਜਾ ਰਹੇ ਸਨ।
ਇਸੇ ਸੰਬੰਧ ਵਿੱਚ ਅੱਜ ਸ੍ਰੀ ਰਾਹੁਲ ਗਾਂਧੀ ਵੱਲੋਂ ਇਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਸੀਂ ਹਰ ਹਾਲ ਲਖ਼ੀਮਪੁਰ ਖ਼ੀਰੀ ਪੁੱਜਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਇਹ ਵੀ ਸਵਾਲ ਉਠਾਇਆ ਕਿ ਧਾਰਾ 144 ਵੀ ਲੱਗੀ ਹੋਵੇ ਤਾਂ 5 ਤੋਂ ਘੱਟ ਵਿਅਕਤੀ ਹੋਣ ’ਤੇ ਕਿਵੇਂ ਅਤੇ ਕਿਉਂ ਰੋਕਿਆ ਜਾਵੇਗਾ।
ਇਸੇ ਦੌਰਾਨ ਅੱਜ ‘ਆਮ ਆਦਮੀ ਪਾਰਟੀ’ ਦੇ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਕ ਵੀਡੀਓ ਜਾਰੀ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲਖ਼ੀਮਪੁਰ ਖ਼ੀਰੀ ਨਾ ਜਾਣ ਦੇਣ ਅਤੇ ਉੱਤਰ ਪ੍ਰਦੇਸ਼ ਵਿੱਚ ਹੀ ਦਾਖ਼ਲ ਨਾ ਹੋਣ ਦੇਣ ਦੇ ਵਰਤਾਰੇ ’ਤੇ ਸਵਾਲ ਉਠਾਏ ਗਏ ਸਨ।