ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਜੋ ਲਗਾਤਾਰ ਵਿਭਿੰਨ ਗਤੀਵਿਧੀਆਂ ਰਾਹੀਂ
ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਸਾਰਥਕ ਯੋਗਦਾਨ ਪਾ ਰਿਹਾ ਹੈ, ਵੱਲੋਂ ਵਿਦਿਆਰਥਣਾਂ ਦੀ ਰਚਨਾਤਮਕਤਾ ਨੂੰ ਇਕ
ਸਾਰਥਕ ਸੇਧ ਪ੍ਰਦਾਨ ਕਰਨ ਦੇ ਲਈ ਕੇ. ਐੱਮ.ਵੀ. ਐਕਸਪ੍ਰੈਸ਼ਨਜ਼ ਸਿਰਲੇਖ ਹੇਠ ਇੱਕ ਬਲਾਗ ਦੀ ਸ਼ੁਰੂਆਤ ਕੀਤੀ ਗਈ ਹੈ।
ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਇੰਗਲਿਸ਼ ਅਤੇ ਸਟੂਡੈਂਟ ਵੈੱਲਫੇਅਰ ਵਿਭਾਗ ਦੇ ਇਸ ਸਾਂਝੇ ਉਪਰਾਲੇ ਦੇ
ਅੰਤਰਗਤ ਚਲਾਏ ਜਾਣ ਵਾਲੇ ਇਸ ਬਲੌਗ ਦੇ ਵਿਚ ਵਿਦਿਆਰਥਣਾਂ ਵੱਖ-ਵੱਖ ਅਹਿਮ ਵਿਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕਰਨ
ਦੇ ਨਾਲ-ਨਾਲ ਜਾਗਰੂਕਤਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਕੰਮ ਕਰਨਗੀਆਂ। ਇਸ ਮੌਕੇ ਤੇ ਆਪਣੇ ਸੰਬੋਧਨ ਦੌਰਾਨ ਵਿਦਿਆਲਾ
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਊਰਜਾ ਨੂੰ ਇੱਕ ਸਾਰਥਕ
ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਇਕ ਸਾਬਤ ਹੁੰਦੀਆਂ ਹਨ। ਵਿਦਿਆਰਥਣਾਂ ਆਪਣੇ ਆਪ ਨੂੰ ਇਸ ਬਲੌਗ ਰਾਹੀਂ ਸਾਹਿਤਕ ਅਤੇ
ਵਿੱਦਿਅਕ ਗਤੀਵਿਧੀਆਂ ਵਿਚ ਮਸ਼ਰੂਫ ਰੱਖ ਕੇ ਸਮੇਂ ਦਾ ਸਹੀ ਉਪਯੋਗ ਕਰ ਸਕਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ
ਇਸ ਉੱਤਮ ਮੰਚ ਦੇ ਰਾਹੀਂ ਵਿਦਿਆਰਥਣਾਂ ਖ਼ੁਦ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ, ਲੇਖ, ਕਹਾਣੀਆਂ ਆਦਿ ਨੂੰ ਸਾਂਝਾ ਕਰਦੇ
ਹੋਏ ਸਮਾਜਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣਗੀਆਂ। ਇਸ ਤੋਂ ਇਲਾਵਾ ਇਸ ਕਾਰਜ ਲਈ ਗਠਿਤ ਕੀਤੇ ਗਏ ਸਮੂਹ
ਦੀਆਂ ਵਿਦਿਆਰਥਣ ਮੈਂਬਰਾਂ ਨੂੰ ਬੈਚ ਵੀ ਲਗਾਏ ਗਏ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਉਪਰਾਲੇ ਦੇ ਲਈ ਡਾ. ਮਧੂਮੀਤ, ਡੀਨ,
ਸਟੂਡੈਂਟ ਵੈੱਲਫੇਅਰ ਅਤੇ ਮੁਖੀ, ਅੰਗਰੇਜ਼ੀ ਵਿਭਾਗ ਦੇ ਨਾਲ-ਨਾਲ ਸਮੂਹ ਟੀਮ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ
ਕੀਤੀ।