ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਮਾਈ ਇੰਡੀਆ ਮਾਈ ਪ੍ਰਾਈਡ ਵਿਸ਼ੇ ‘ਤੇ ਵਿਦਿਆਰਥਣਾਂ ਦੇ ਰੂਬਰੂ ਹੋਏ। ਅੰਡਰਗ੍ਰੈਜੂਏਟ ਪੱਧਰ ਦੇ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਦੇ ਲਈ ਲਾਜ਼ਮੀ ਵੈਲਿਊ ਐਡਿਡ ਪ੍ਰੋਗਰਾਮ ਫਾਊਂਡੇਸ਼ਨ ਕੋਰਸ ਦੇ ਅੰਤਰਗਤ ਇਸ ਵਿਸ਼ੇ ‘ਤੇ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਉੱਚ ਸਿੱਖਿਆ ਦੇ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਮਹੱਤਵ ਨੂੰ ਬਿਆਨਣ ਦੇ ਨਾਲ-ਨਾਲ ਇਸ ਨੂੰ ਜੀਵਨ ਦੀ ਮਜ਼ਬੂਤ ਨੀਂਹ ਦੱਸਿਆ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਇੱਕ ਮਹਾਂਸ਼ਕਤੀ ਬਣਾਉਣ ਦੇ ਲਈ ਸਾਨੂੰ ਸਭ ਨੂੰ ਆਪਣੇ ਸੱਭਿਆਚਾਰ ਅਤੇ ਦੇਸ਼ ਉੱਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਸੰਖਿਆ ਦਾ ਵੱਡਾ ਹਿੱਸਾ ਨੌਜਵਾਨ ਹਨ ਇਸ ਲਈ ਸਾਡੇ ਦੇਸ਼ ਵਿੱਚ ਇਨੋਵੇਸ਼ਨ ਦੀਆਂ ਸੰਭਾਵਨਾਵਾਂ ਹੋਰ ਵੀ ਜ਼ਿਆਦਾ ਵਧ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਦੇ ਪ੍ਰਚੱਲਤ ਪ੍ਰੰਪਰਾਗਤ ਸਿੱਖਿਆ ਪ੍ਰਣਾਲੀ ਉੱਤੇ ਚਾਨਣਾ ਪਾਉਂਦੇ ਹੋਏ ਤਕਸ਼ਿਲਾ ਅਤੇ ਨਾਲੰਦਾ ਜਿਹੀਆਂ ਭਾਰਤ ਦੀਆਂ ਸਵਦੇਸ਼ੀ ਯੂਨੀਵਰਸਿਟੀਆਂ ਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਤਕਸ਼ਿਲਾ ਯੂਨੀਵਰਸਿਟੀ ਨੂੰ ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਤੇ ਨਾਲੰਦਾ ਸੰਸਾਰ ਦੀ ਪਹਿਲੀ ਅੰਤਰਰਾਸ਼ਟਰੀ ਆਵਾਸੀ ਯੂਨੀਵਰਸਿਟੀ ਦੇ ਰੂਪ ਵਿਚ ਪਰਿਭਾਸ਼ਿਤ ਕਰਦੇ ਹੋਏ ਇਨ੍ਹਾਂ ਨੂੰ ਗਿਆਨ ਦਾ ਇਕ ਮਹਾਨ ਸੋਮਾ ਮੰਨਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਗਿਆਨ, ਕਲਾ, ਖੇਡਾਂ ਅਤੇ ਸੱਭਿਆਚਾਰ ਦੇ ਵਿੱਚ ਭਾਰਤ ਦੀਆਂ ਸਫ਼ਲਤਾਵਾਂ ਦੇ ਬਾਰੇ ਗੱਲ ਕਰਨ ਦੇ ਨਾਲ-ਨਾਲ ਭਾਰਤੀ ਦਰਸ਼ਨ ਉੱਤੇ ਚਰਚਾ ਕੀਤੀ ਅਤੇ ਵਿਸ਼ੇਸ਼ ਰੂਪ ਵਿਚ ਸਵਾਮੀ ਵਿਵੇਕਾਨੰਦ ਅਤੇ ਵਿਸ਼ਵ ਉੱਤੇ ਉਨ੍ਹਾਂ ਦੇ ਪ੍ਰਭਾਵ ਦੇ ਬਾਰੇ ਵੀ ਵਿਸਥਾਰ ਸਹਿਤ ਦੱਸਿਆ । ਉਨ੍ਹਾਂ ਨੇ ਉੱਚ ਅਤੇ ਸਨਮਾਨਜਨਕ ਜੀਵਨ ਜਿਊਣ ਦੇ ਲਈ ਸਭ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਨੂੰ ਆਪਣੇ ਆਦਰਸ਼ ਬਣਾਉਣ ਦੀ ਗੱਲ ਕੀਤੀ। ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਅਮੀਰ ਵਿਰਾਸਤ ਨੂੰ ਸੰਜੋਅ ਕੇ ਰੱਖਣਾ ਰੱਖਣ ਦੇ ਫ਼ਰਜ਼ ਨੂੰ ਨਿਭਾਉਣ ਦੇ ਨਾਲ-ਨਾਲ ਸਾਨੂੰ ਸਭ ਨੂੰ ਇਸ ਮਹਾਨ ਦੇਸ਼ ਭਾਰਤ ਦੇ ਨਾਗਰਿਕ ਹੋਣ ਤੇ ਸਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਗੁਰਜੋਤ ਅਤੇ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।