ਜਲੰਧਰ :-  ਸੂਬੇ ਦੀ ਪੋਲਟਰੀ ਪੂਰੀ ਤਰ੍ਹਾਂ ਨਾਲ ਬਰਡ ਫਲੂ ਤੋਂ ਮੁਕਤ ਹੈ ਸਿਰਫ਼ ਬਰਡ ਫਲੂ ਦੀਆਂ ਉੱਡ ਰਹੀਆਂ ਅਫ਼ਵਾਹਾਂ ਕਾਰਨ ਹੀ ਸੂਬੇ ਦੀ ਪੋਲਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹ ਦਾਅਵਾ ਅੱਜ ਜਲੰਧਰ ਪ੍ਰੈਸ ਕਲੱਬ ਵਿਖੇ ਪੰਜਾਬ ਪੋਲਟਰੀ ਫਾਰਮਰ ਐਸੋਸੀਏਸ਼ਨ ਅਤੇ ਪੰਜਾਬ ਬ੍ਰਾਇਲਰ ਬੋਰਡ ਦੇ ਨੁਮਾਇੰਦਿਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਵਿਸ਼ਾਲ ਗੁਪਤਾ ਸੰਗਰੂਰ, ਵਿਵੇਕ ਸਿੰਧਵਾਨੀ ਬਰਨਾਲਾ , ਜਤਿੰਦਰ ਸਿੰਘ ਲਾਡੀ ਲੁਧਿਆਣਾ ਨੇ ਦੱਸਿਆ ਕਿ ਬਰਡ ਫਲੂ ਦੀ ਪੰਜਾਬ ਵਿੱਚ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਹੈ ਸਿਰਫ਼ ਕੁਝ ਜੰਗਲੀ ਪੰਛੀਆਂ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਬਰਡ ਫਲੂ ਨਾਲ ਜੋਡ਼ ਕੇ ਵੇਖਿਆ ਜਾ ਰਿਹਾ ਸੀ ਜਿਸ ਦਾ ਸਿੱਧਾ ਅਸਰ ਪੰਜਾਬ ਦੀ ਪੋਲਟਰੀ ਤੇ ਪਿਆ ਹੈ ਤੇ ਇਨ੍ਹਾਂ ਅਫਵਾਹਾਂ ਕਾਰਨ ਪਹਿਲਾਂ ਹੀ ਕਰੋਨਾ ਤੋਂ ਡਰੇ ਲੋਕਾਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪੈਣ ਕਾਰਨ ਪੰਜਾਬ ਦੀ ਪੋਲਟਰੀ ਤਬਾਹੀ ਦੇ ਕੰਢੇ ਤੇ ਪੁੱਜ ਗਈ ਹੈ।

ਸਿਰਫ਼ ਪਿਛਲੇ ਤਿੰਨ ਦਿਨਾਂ ਵਿੱਚ ਹੀ ਪੰਜਾਬ ਦੀ ਪੋਲਟਰੀ ਦਾ ਕਾਰੋਬਾਰ ਪੰਜਾਹ ਫ਼ੀਸਦੀ ਤੱਕ ਘਟ ਗਿਆ ਹੈ ਅਤੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪੋਲਟਰੀ ਵਿੱਚ ਜੋ ਮੁਰਗੀਆਂ ਪਾਲੀਆਂ ਜਾਂਦੀਆਂ ਹਨ ਉਨ੍ਹਾਂ ਦੀ ਪੂਰੀ ਤਰ੍ਹਾਂ ਵੈਕਸੀਨ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪ੍ਰੋਪਰ ਖੁਰਾਕ ਦਿੱਤੀ ਜਾਂਦੀ ਹੈ। ਜਿਸ ਕਾਰਨ ਪੰਜਾਬ ਵਿੱਚ ਇਸ ਬਿਮਾਰੀ ਦੇ ਫੈਲਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ।ਉਨ੍ਹਾਂ ਦੱਸਿਆ 2006 ਵਿੱਚ ਪਹਿਲੀ ਵਾਰ ਬਰਡ ਫਲੂ ਦੀ ਅਫਵਾਹ ਉੱਡੀ ਸੀ ਪਰ 2006 ਤੋਂ ਲੈਕੇ ਹੁਣ ਤੱਕ 14 ਸਾਲਾਂ ਵਿਚ ਕਈ ਵਾਰ ਬਰਡ ਫਲੂ ਦੀਆਂ ਅਫਵਾਹਾਂ ਉੱਡ ਚੁੱਕੀਆਂ ਹਨ ਪਰ ਇਸ ਨਾਲ ਕਿਸੇ ਵੀ ਵਿਅਕਤੀ ਦੇ ਪ੍ਰਭਾਵਿਤ ਹੋਣ ਦਾ ਕੋਈ ਸਮਾਚਾਰ ਨਹੀਂ ਮਿਲਿਆ।ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਜੋ ਮੁਰਗਿਆਂ ਦੇ ਵਿੱਚ ਵਾਇਰਸ ਪਾਇਆ ਗਿਆ ਹੈ ਉਹ ਐੱਚ5 ਐੱਨ 8 ਨਾਮਕ ਵਾਇਰਸ ਹੈ ਜੋ ਕਿ ਪੰਛੀਆਂ ਤੋਂ ਮਨੁੱਖਾਂ ਵਿਚ ਨਹੀਂ ਫੈਲਦਾ।

ਇਹ ਪੰਛੀਆਂ ਦੀ ਬਿਮਾਰੀ ਹੈ।ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਪੋਲਟਰੀ ਦਾ ਅੰਡਾ ਜੋ ਇੱਕ ਜਨਵਰੀ ਨੂੰ 555 ਰੁਪਏ ਪ੍ਰਤੀ ਸੈਂਕੜਾ ਵਿਕ ਰਿਹਾ ਸੀ ਉਹ ਸਿਰਫ ਅਫਵਾਹਾਂ ਕਾਰਨ ਚਾਰ ਦਿਨਾਂ ਵਿੱਚ ਘਟ ਕੇ 350 ਰੁਪਏ ਤੇ ਆ ਗਿਆ। ਇਸੇ ਤਰ੍ਹਾਂ ਬਰਾਇਲਰ ਜੋ ਕਿ 90 ਰੁਪਏ ਕਿਲੋ ਤਕ ਵਿਕ ਰਿਹਾ ਸੀ ਉਹ ਘਟ ਕੇ 50 ਰੁਪਏ ਕਿਲੋ ਤੱਕ ਆ ਗਿਆ। ਇਸ ਮੌਕੇ ਪਟਿਆਲਾ ਤੋਂ ਭੁਪਿੰਦਰ ਸਿੰਘ ਸੰਗਰੂਰ ਤੂੰ ਅੰਮ੍ਰਿਤਪਾਲ ਸਿੰਘ ਬਰਨਾਲਾ ਵਿਵੇਕ ਸਿੰਧਵਾਨੀ ਅਤੇ ਸੰਜੀਵ ਬਾਂਸਲ,ਸਮਰਾਲਾ ਤੋਂ ਇੰਦਰਜੀਤ ਸਿੰਘ ਕੰਗ ਅਤੇ ਬਲਦੀਪ ਸਿੰਘ ਕੰਗ,ਜਲੰਧਰ ਤੋਂ ਪ੍ਰੀਤਮ ਸਿੰਘ ਬੇਦੀ ਅਤੇ ਜਸਵੰਤ ਸਿੰਘ ਸੇਤੀਆ,ਸਤਨਾਮ ਸਿੰਘ ਬੇਦੀ,ਨਾਭਾ ਤੋਂ ਅਮਨ ਸਿੰਗਲਾ,ਲੁਧਿਆਣਾ ਤੋਂ ਗੁਰਪ੍ਰੀਤ ਸਿੰਘ,ਰਾਜੇਸ਼ ਸ਼ਰਮਾ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।