ਜਲੰਧਰ, 28 ਅਕਤੂਬਰ : ਪੰਜਾਬ ਪ੍ਰੈੱਸ ਕਲੱਬ, ਜਲੰਧਰ ਦੀ ਗਵਰਨਿੰਗ ਅਤੇ ਐਡਵਾਈਜ਼ਰੀ ਕਮੇਟੀ ਦੀ ਸਾਂਝੀ ਮੀਟਿੰਗ ਅੱਜ ਇਥੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਦੀ ਬਿਹਤਰੀ ਲਈ ਯੋਜਨਾਵਾਂ ਉੱਤੇ ਵਿਚਾਰ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਲਾਇਬ੍ਰੇਰੀ ਦੀ ਮੁਰੰਮਤ ਜਲਦੀ ਕਰਵਾ ਕੇ ਮੈਂਬਰਾਂ ਵਾਸਤੇ ਖੋਲ੍ਹੀ ਜਾਵੇ। ਕੁਝ ਲੋਕਾਂ ਵਲੋਂ ਕਲੱਬ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਅਤੇ ਅਨੁਸ਼ਾਸਨਹੀਣਤਾ ਦੀਆਂ ਕਾਰਵਾਈਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ, ਪੰਜਾਬ ਪ੍ਰੈੱਸ ਕਲੱਬ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਅਤੇ ਕਲੱਬ ਦੇ ਵਕਾਰ ਦੀ ਬਹਾਲੀ ਲਈ ਲੋੜੀਂਦੇ ਯਤਨ ਕਰਨ ਦਾ ਵੀ ਅਹਿਦ ਕੀਤਾ ਗਿਆ। ਕਲੱਬ ਦੀ ਅਨੁਸ਼ਾਸਨੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਕਲੱਬ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਲੋੜ ਪੈਣ ‘ਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰੇ। ਗਵਰਨਿੰਗ ਕੌਂਸਲ ਤੇ ਐਡਵਾਈਜ਼ਰੀ ਕਮੇਟੀ ਨੇ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਪ੍ਰੈੱਸ ਕਲੱਬ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਕਲੱਬ ਅੰਦਰਲੇ ਮਾਹੌਲ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਦੇਣ। ਇਹ ਵੀ ਸਹਿਮਤੀ ਬਣੀ ਕਿ ਪ੍ਰੈੱਸ ਕਲੱਬ ਦੇ ਮੈਂਬਰਾਂ ਨਾਲ ਵਧੇਰੇ ਤਾਲਮੇਲ ਬਣਾ ਕੇ ਰੱਖਿਆ ਜਾਵੇ ਅਤੇ ਉਨ੍ਹਾਂ ਤੋਂ ਕਲੱਬ ਦੀ ਬਿਹਤਰੀ ਲਈ ਸੁਝਾਅ ਹਾਸਲ ਕੀਤੇ ਜਾਣ।
ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਨੌਲੀ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ ਪ੍ਰਧਾਨ ਪੰਕਜ ਰਾਏ ਅਤੇ ਰਾਜੇਸ਼ ਟਿੰਕੂ, ਜਾਇੰਟ ਸਕੱਤਰ ਤੇਜਿੰਦਰ ਕੌਰ ਥਿੰਦ ਅਤੇ ਖ਼ਜ਼ਾਨਚੀ ਸ਼ਿਵ ਸ਼ਰਮਾ ਤੋਂ ਇਲਾਵਾ ਐਡਵਾਈਜ਼ਰੀ ਕਮੇਟੀ ਦੇ ਮੈਂਬਰ  ਆਈ. ਪੀ. ਸਿੰਘ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ, ਬੇਅੰਤ ਸਿੰਘ ਸਰਹੱਦੀ, ਮਲਕੀਤ ਸਿੰਘ ਬਰਾੜ, ਰਾਜੀਵ ਵਧਵਾ, ਰਾਕੇਸ਼ ਸੂਰੀ, ਪਵਨ ਮਹੀਨੀਆ, ਸੁਕਰਾਂਤ ਸਫਰੀ ਅਤੇ ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਸ਼ਾਮਿਲ ਹੋਏ। ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।