ਜਲੰਧਰ 19 ਨਵੰਬਰ 2020
ਹਲਕਾ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਵਲੋਂ ਵਿਸ਼ਵ ਪਖ਼ਾਨਾ ਦਿਵਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ ਦੇ ਦੂਜੇ ਪੜ੍ਹਾਅ ਤਹਿਤ ਪਿੰਡ ਨੰਗਲ ਸਲੇਮਪੁਰ ਬਲਾਕ ਜਲੰਧਰ ਈਸਟ ਵਿਖੇ ਕਮਿਊਨਟੀ ਸੈਨੈਟਰੀ ਕੰਪਲੈਕਸ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਹਲਕਾ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜ੍ਹਾਅ ਅਧੀਨ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ, ਸਟਰੀਟ ਲਾਈਟ ਸਿਸਟਮ ਲਗਾਉਣਾ, ਨਵੀਆਂ ਸੀਵਰੇਜ ਲਾਈਨਾ ਵਿਛਾਉਣਾ, ਥਾਪਰ ਮਾਡਲ ਛੱਪੜਾਂ ਦੀ ਸਥਾਪਨਾ, ਇੰਟਰਲਾਕਿੰਗ ਟਾਈਲਾਂ, ਸ਼ਮਸ਼ਾਨਘਾਟਾਂ ਵਿੱਚ ਸ਼ੈਡ, ਠੋਸ ਕੂੜਾ ਪ੍ਰਬੰਧਨ, ਸੀਵਰੇਜ ਵੇਸਟ ਦਾ ਨਿਪਟਾਰਾ ਕਰਨਾ, ਪੰਚਾਇਤ ਘਰਾਂ ਦੀ ਉਸਾਰੀ, ਨਵੇਂ ਖੇਡ ਮੈਦਾਨ ਅਤੇ ਕਮਿਊਨਟੀ ਸੈਂਟਰਾਂ ਆਦਿ ਸਮੇਤ ਹੋਰ ਬਹੁਤ ਸਾਰੇ ਵਿਕਾਸ ਕਾਰਜਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਇੰਜੀ. ਐਨ.ਪੀ. ਸਿੰਘ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਜਲੰਧਰ ਵਲੋਂ ਵੱਖ-ਵੱਖ ਪਿੰਡਾਂ ਤੇ ਆਏ ਸਰਪੰਚਾਂ-ਪੰਚਾਂ ਨੂੰ ਕਮਿਊਨਟੀ ਸੈਨੇਟਰੀ ਕੰਪਲੈਕਸ ਅਤੇ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਇੰਜੀ.ਵਿਜੈ ਕੁਮਾਰ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਜਲੰਧਰ ਵਲੋਂ ਸਵੱਛ ਭਾਰਤ ਮਿਸ਼ਨ ਫੇਜ਼-2 ਬਾਰੇ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਜਲੰਧਰ ਈਸਟ ਮਹੇਸ਼ ਕੁਮਾਰ ਵਲੋਂ ਪਿੰਡ ਵਾਸੀਆਂ ਨੂੰ ਸੀਵਰੇਜ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਵਿਭਾਗੀ ਪੈਂਫਲੇਟ ਤਕਸੀਮ ਕੀਤੇ ਗਏ। ਇਸ ਮੌਕੇ ਪਿੰਡ ਨੰਗਲ ਸਲੇਮਪੁਰ ਦੀ ਸਰਪੰਚ ਹਰਭਜਨ ਕੌਰ ਵਲੋਂ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ-ਪੰਚਾਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਸਮੂਹ ਨਿਵਾਸੀਆਂ ਨੁੰ ਘਰ-ਘਰ ਜਾ ਕੇ ਸਵੱਛ ਭਾਰਤ ਮਿਸ਼ਨ ਫੇਜ਼-2 ਅਧੀਨ ਪਖ਼ਾਨਿਆਂ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਬਾਗਾ ਸਰਪੰਚ ਪਿੰਡ ਬੋਲੀਨਾ, ਰਾਜ ਕੁਮਾਰ ਰਾਣਾ ਸਰਪੰਚ ਪਿੰਡ ਨੂਰਪੁਰ, ਸੁਰਜੀਤ ਸਿੰਘ ਸਰਪਚੰ ਪਿੰਡ ਬੁਲੰਦਪੁਰ ਅਤੇ ਹੋਰ ਵੀ ਹਾਜ਼ਰ ਸਨ।