
ਫਗਵਾੜਾ 23 ਮਈ (ਸ਼਼ਿਵ ਕੋੋੜਾ) ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਪ੍ਰਧਾਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ। ਸਮਾਗਮ ਦਾ ਸ਼ੁੱਭ ਆਰੰਭ ਡਾ. ਰਾਜਨ ਨੇ ਸ਼ਮਾ ਰੌਸ਼ਨ ਕਰਕੇ ਕੀਤੀ। ਇਸ ਮੌਕੇ ਪਿਰਾਮਿਡ ਕਾਲਜ ਦੇ ਪ੍ਰੋਫੈਸਰ ਨਵਜੋਤ ਕੌਰ ਨੇ ਵੀਡੀਓ ਰਾਹੀਂ ਜੈਵਿਕ ਵਿਭਿੰਨਤਾ ਦੀ ਬਾਖੂਬੀ ਵਿਆਖਿਆ ਕੀਤੀ ਅਤੇ ਜੈਵਿਕ ਵਿਭਿੰਨਤਾ ਬਾਰੇ ਚਾਨਣਾ ਪਾਉਂਦੇ ਹੋਏ ਜੀਵਨ ਵਿਚ ਇਸ ਦਾ ਮਹੱਤਵ ਸਮਝਾਇਆ। ਪ੍ਰੋਫੈਸਰ ਨਵਜੋਤ ਕੌਰ ਨੇ ਦੱਸਿਆ ਕਿ ਧਰਤੀ ਜੀਵ ਦਾ ਘਰ ਹੈ ਜਿੱਥੇ ਇਨਸਾਨਾਂ ਦੇ ਨਾਲ ਹੀ ਕੀੜੇ, ਮਕੌੜੇ, ਜੀਵ-ਜੰਤੂ, ਪਸ਼ੂ, ਪੰਛੀ, ਬਨਸਪਤੀ ਆਦਿ ਇਕ ਦੂਸਰੇ ਉਪਰ ਨਿਰਭਰ ਹਨ। ਕਿਸੇ ਇਕ ਦੇ ਖਤਮ ਹੋਣ ਨਾਲ ਸਾਡੇ ਜੀਵਨ ‘ਤੇ ਬੁਰਾ ਅਸਰ ਪੈਂਦਾ ਹੈ। ਇੱਥੋਂ ਤੱਕ ਕਿ ਸਾਡੀ ਹੌਂਦ ਖਤਮ ਵੀ ਹੋ ਸਕਦੀ ਹੈ। ਇਸ ਮੌਕੇ ਨੈਸ਼ਨਲ ਅਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਜੈਵਿਕ ਵਿਭਿੰਨਤਾ ਥੀਮ ‘ਵੀ ਆਰ ਦਾ ਪਾਰਟ ਆਫ ਦਿ ਸਲੂਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਾਸਟਰ ਨਰੇਸ਼ ਕੋਹਲੀ, ਤਾਰਾ ਚੰਦ ਚੁੰਬਰ, ਇੰਦਰਜੀਤ ਜੈਰਥ ਅਤੇ ਰੂਪ ਲਾਲ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੁਕ ਕੀਤਾ। ਡਾ. ਸੀਮਾ ਰਾਜਨ ਨੇ ਐਸੋਸੀਏਸ਼ਨ ਵਲੋਂ ਕੀਤੇ ਜਾਂਦੇ ਵਾਤਾਵਰਣ ਦੀ ਸੰਭਾਲ ਸਬੰਧੀ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਵਾਤਾਵਰਣ ਪ੍ਰੇਮੀਆਂ ਵਲੋਂ ਜੀਟੀ ਰੋਡ ਫਲਾਈ ਓਵਰ ਹੇਠਾਂ ਬੂਟੇ ਲਗਾਉਣ ਲਈ ਸਰਕਾਰੀ ਵਿਭਾਗ ਦਾ ਧੰਨਵਾਦ ਕੀਤਾ। ਵਾਤਾਵਰਣ ਦੀ ਸੰਭਾਲ ਵਿਚ ਯੋਗਦਾਨ ਲਈ ਸਵਰਗਵਾਸੀ ਸੁੰਦਰ ਲਾਲ ਬਹੁਗੁਣਾ ਨੂੰ ਵੀ ਯਾਦ ਕੀਤਾ ਗਿਆ। ਅਖੀਰ ਵਿਚ ਮਲਕੀਅਤ ਸਿੰਘ ਰਘਬੋਤਰਾ ਜਨਰਲ ਸਕੱਤਰ ਵਲੋਂ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਨੋਦ ਮੜੀਆ, ਪ੍ਰੋ. ਗੁਰਪ੍ਰੀਤ ਸਿੰਘ, ਵਿਸ਼ਵਾ ਮਿੱਤਰ ਸ਼ਰਮਾ, ਪ੍ਰੋ. ਦੀਕਸ਼ਾ ਜਯੋਤੀ, ਟੀ.ਡੀ. ਚਾਵਲਾ, ਮੋਹਨ ਲਾਲ ਤਨੇਜਾ ਆਦਿ ਹਾਜਰ ਸਨ।