ਫਗਵਾੜਾ 14 ਅਪ੍ਰੈਲ (ਸ਼ਿਵ ਕੋੜਾ) ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਐਸ.ਡੀ.ਐਮ. ਫਗਵਾੜਾ ਸਮੇਤ ਚੋਣ ਕਮੀਸ਼ਨ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਲੋਕਲ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਨਾ ਲਗਾਈ ਜਾਵੇ ਕਿਉਂਕਿ ਅਜਿਹਾ ਹੋਣ ‘ਤੇ ਸੱਤਾ ਧਿਰ ਕਾਂਗਰਸ ਪਾਰਟੀ ਵਲੋਂ ਆਪਣੇ ਸਿਆਸੀ ਰਸੂਖ ਦੀ ਵਰਤੋਂ ਕਰਕੇ ਹੇਰਾਫੇਰੀ ਕਰਨ ਦੀ ਪੂਰੀ ਸੰਭਾਵਨਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸਾਬਕਾ ਮੇਅਰ ਖੋਸਲਾ ਨੇ ਕਿਹਾ ਕ ਕੁੱਝ ਸਮਾਂ ਪਹਿਲਾਂ ਫਗਵਾੜਾ ਦੇ ਵੱਖ ਵੱਖ ਵਾਰਡਾਂ ਦੀਆਂ ਵੋਟਰ ਲਿਸਟਾਂ ‘ਚ ਹੋਈ ਛੇੜਛਾੜ ਅਤੇ ਸੱਤਾ ਧਿਰ ਦੇ ਦਬਾਅ ਹੇਠ ਦੋਸ਼ੀਆਂ ਖਿਲਾਫ ਪੁਲਿਸ ਵਲੋਂ ਹੁਣ ਤਕ ਕੋਈ ਕਾਰਵਾਈ ਨਾ ਹੋਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਵੋਟਰ ਸੂਚੀਆਂ ਨਾਲ ਛੇੜਛਾੜ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਮਲਾ ਹਾਈਕੋਰਟ ਪੁੱਜਾ ਅਤੇ ਚੋਣ ਕਮੀਸ਼ਨ ਵਲੋਂ ਫਗਵਾੜਾ ਕਾਰਪੋਰੇਸ਼ਨ ਚੋਣ ਨੂੰ ਟਾਲ ਦਿੱਤਾ ਗਿਆ। ਉਹਨਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਅਗਲੇ ਮਹੀਨੇ ਮਈ ‘ਚ ਫਗਵਾੜਾ ਕਾਰਪੋਰੇਸ਼ਨ ਚੋਣ ਕਰਾਉਣ ਦਾ ਮਨ ਬਣਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਹੋਣ ਦੀ ਵੀ ਸੰਭਾਵਨਾ ਹੈ ਇਸ ਲਈ ਉਹ ਮੰਗ ਕਰਦੇ ਹਨ ਕਿ ਲੋਕਲ ਸਰਕਾਰੀ ਕਰਮਚਾਰੀਆਂ ਨੂੰ ਚੋਣ ਪ੍ਰਕ੍ਰਿਆ ਨੇਪਰੇ ਚਾੜ੍ਹਨ ਦੀ ਜਿੰਮੇਵਾਰੀ ਨਾ ਦੇ ਕੇ ਬਾਹਰੀ ਅਮਲੇ ਦੀ ਮੱਦਦ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ ਕਿਉਂਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਜਦੀਕੀ ਕਾਂਗਰਸੀ ਆਗੂ ਸਥਾਨਕ ਸਰਕਾਰੀ ਅਮਲੇ ਉਪਰ ਦਬਾਅ ਪਾ ਕੇ ਫਗਵਾੜਾ ਕਾਰਪੋਰੇਸ਼ਨ ਉੱਤੇ ਕਬਜਾ ਕਰਨ ਦੀ ਨੀਯਤ ਨਾਲ ਨਿਰਪੱਖ ਚੋਣ ਪ੍ਰਕ੍ਰਿਆ ਵਿਚ ਰੁਕਾਵਟ ਬਣ ਸਕਦੇ ਹਨ।