ਫਗਵਾੜਾ 9 ਜੁਲਾਈ (ਸ਼ਿਵ ਕੋੜਾ) ਫਗਵਾੜਾ ਦੀ ਉੱਘੀ ਸਮਾਜ ਸੇਵਿਕਾ ਅਤੇ ਏਕ ਕੋਸ਼ਿਸ਼ ਐਨ.ਜੀ.ਓ. ਦੀ ਸੰਚਾਲਿਕਾ ਸਾਉਦੀ ਸਿੰਘ ਨੇ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਹਨਾਂ ਦੇ ਨਾਲ ਉੱਘੇ ਸਮਾਜ ਸੇਵਕ ਆਰ.ਕੇ. ਸ਼ੇਰਾ ਅਤੇ ਜਸਕਰਨ ਸਿੰਘ ਵੀ ਸਨ। ਸਾਉਦੀ ਸਿੰਘ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ‘ਏਕ ਕੋਸ਼ਿਸ਼’ ਐਨ.ਜੀ.ਓ. ਰਾਹੀਂ ਤੇਰਾਂ-ਤੇਰਾਂ ਮਾਲ ਦਾ ਸੰਚਾਲਨ ਕਰ ਰਹੇ ਹਨ। ਜਿੱਥੇ ਹਰ ਤਰ੍ਹਾਂ ਦਾ ਸਮਾਨ ਸਿਰਫ ਤੇਰਾਂ ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕਪੜਿਆਂ ਅਤੇ ਹੋਰ ਲੋੜੀਂਦੀਆਂ ਵਸਤੁਆਂ ਤੋਂ ਲੈ ਕੇ ਸਕੂਲੀ ਵਿਦਿਆਰਥੀਆਂ ਲਈ ਕਾਪੀਆਂ ਕਿਤਾਬਾਂ ਦੀ ਸੇਵਾ ਵੀ ਤੇਰਾਂ-ਤੇਰਾਂ ਮਾਲ ਵਿਖੇ ਕੀਤੀ ਜਾਂਦੀ ਹੈ। ਸ਼ਹਿਰ ਦੇ ਦਾਨਵੀਰ ਲੋਕ ਵਰਤੋਂ ਵਿਚ ਆਉਣ ਯੋਗ ਪੁਰਾਣੀਆਂ ਵਸਤੁਆਂ, ਕਪੜੇ ਤੇ ਕਿਤਾਬਾਂ ਉਹਨਾਂ ਨੂੰ ਦੇ ਜਾਂਦੇ ਹਨ ਜੋ ਕਿ ਲੋੜਵੰਦਾਂ ਨੂੰ ਸਿਰਫ ਤੇਰਾਂ-ਤੇਰਾਂ ਰੁਪਏ ਲੈ ਕੇ ਦੇ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਵਸੂਲ ਕੀਤੇ ਤੇਰਾਂ-ਤੇਰਾਂ ਰੁਪਏ ਵੀ ਮਾਲ ਦੇ ਰੱਖ-ਰਖਾਓ ਵਗੈਰਾ ਤੇ ਖਰਚ ਹੋ ਜਾਂਦੇ ਹਨ। ਸਾਉਦੀ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਰਾਹੀਂ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਦੇ ਹਨ। ਵਿਧਾਇਕ ਧਾਲੀਵਾਲ ਨੇ ਤੇਰਾਂ-ਤੇਰਾਂ ਮਾਲ ਤੋਂ ਪ੍ਰਭਾਵਿਤ ਹੋ ਕੇ ਕਿਹਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨੂੰ ਹੋਰ ਵੀ ਵਧੀਆ ਢੰਗ ਨਾਲ ਜਾਰੀ ਰੱਖਣ ਲਈ ਉਹ ਆਪਣੀ ਵਲੋਂ ਵੀ ਸਹਿਯੋਗ ਕਰਨਗੇ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਵੀ ਹਰ ਸੰਭਵ ਸਹਾਇਤਾ ਦੁਆਉਣ ਦਾ ਯਤਨ ਕਰਨਗੇ।