
ਫਗਵਾੜਾ 23 ਮਈ (ਸ਼ਿਵ ਕੋੜਾ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਡਾ. ਅੰਬੇਡਕਰ ਬੁੱਧ ਰਿਸੋਰਸ ਸੈਂਟਰ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਕਿਸਾਨ ਜੱਥੇਬੰਦੀਆਂ ਵਲੋਂ 26 ਮਈ ਨੂੰ ਕਾਲਾ ਦਿਵਸ ਵਜੋਂ ਮਨਾਉਣ ਦੇ ਕੀਤੇ ਐਲਾਨ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ 26 ਮਈ ਨੂੰ ਬੋਧ ਧਰਮ ਦਾ ਪਵਿੱਤਰ ਤਿਓਹਾਰ ਬੁੱਧ ਪੁਰਨਿਮਾ ਹੈ ਅਤੇ ਇਸ ਦਿਨ ਨੂੰ ਭਗਵਾਨ ਬੁੱਧ ਦੇ ਪੈਰੋਕਾਰ ਦੁਨੀਆ ਭਰ ਵਿਚ ਬੜੇ ਸਤਿਕਾਰ ਨਾਲ ਮਨਾਉਂਦੇ ਹਨ। ਇਸ ਮੌਕੇ ਕੁਲਦੀਪ ਭੱਟੀ ਤੋਂ ਇਲਾਵਾ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ ਅਤੇ ਸੀਨੀਅਰ ਆਗੂ ਤਰਸੇਮ ਚੁੰਬਰ ਨੇ ਵੀ ਕਿਹਾ ਕਿ ਹੱਕੀ ਮੰਗਾਂ ਨੂੰ ਲੈ ਕੇ ਸਰਕਾਰਾਂ ਖਿਲਾਫ ਵਿਰੋਧ ਪ੍ਰਗਟਾਉਣਾ ਕਿਸਾਨ ਜੱਥੇਬੰਦੀਆਂ ਦਾ ਸੰਵਿਧਾਨਕ ਅਧਿਕਾਰ ਹੈ ਲੇਕਿਨ ਕਾਲਾ ਦਿਵਸ ਮਨਾਉਣ ਦੇ ਐਲਾਨ ਤੋਂ ਪਹਿਲਾਂ ਸਬੰਧਤ ਦਿਨ ਦਾ ਮਹੱਤਵ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਉਹਨਾਂ ਸਪਸ਼ਟ ਕਿਹਾ ਕਿ ਜੇਕਰ ਕਿਸਾਨ ਜੱਥੇਬੰਦੀਆਂ ਨੇ ਕਾਲਾ ਦਿਵਸ ਮਨਾਉਣ ਦੇ ਆਪਣੇ ਫੈਸਲੇ ਬਾਰੇ ਪੁਨਰ ਵਿਚਾਰ ਨਾ ਕੀਤਾ ਤਾਂ ਭਵਿੱਖ ਵਿਚ ਕਿਸਾਨੀ ਅੰਦੋਲਨ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਹਮ ਖਿਆਲੀ ਜੱਥੇਬੰਦੀਆਂ ਨਾਲ ਵਿਚਾਰਾਂ ਕਰਕੇ ਫੈਸਲਾ ਲਿਆ ਜਾਵੇਗਾ। ਉਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਪੁਰਜੋਰ ਮੰਗ ਕੀਤੀ ਕਿ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਕਲੇਰ, ਹੈਪੀ ਕੌਲ, ਕੁਲਦੀਪ ਜਗਤਪੁਰ ਜੱਟਾਂ, ਸੁਰਿੰਦਰ ਕੁਮਾਰ ਆਦਿ ਹਾਜਰ ਸਨ।