ਫਗਵਾੜਾ, 6 ਫਰਵਰੀ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ ਦੇ ਭਾਰਤ ਬੰਦ ਦੇ ਸੱਦੇ ਉਤੇ ਅੱਜ ਫਗਵਾੜਾ ਵਿਖੇ 12 ਵਜੇ ਤੋਂ ਤਿੰਨ ਵਜੇ ਤੱਕ ਮੁੱਖ ਸੜਕ ਉੱਤੇ ਸ਼ੂਗਰ ਮਿਲਜ਼ ਚੌਕ ਵਿਖੇ ਟਰੈਫਿਕ ਜਾਮ ਕੀਤਾ ਗਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਸਟੇਜ ਲਗਾਕੇ ਵੱਡਾ ਜਲਸਾ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਆਪਣੇ ਕਾਰਕੁੰਨ ਨਾਲ ਲੈਕੇ ਇਸ ਜਲਸੇ ਅਤੇ ਟਰੈਫਿਕ ਜਾਮ ਸਮੇਂ ਵੇਖੇ ਗਏ। ਇਲਾਕੇ ਦੇ ਐਮ.ਐਲ.ਏ. ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕਾਂਗਰਸ ਦੇ ਵਰਕਰ ਤੇ ਨੇਤਾ ਅਤੇ ਵੱਖਰੇ ਤੌਰ ‘ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸੀ ਨੇਤਾ ਅਤੇ ਵਰਕਰ, ਆਮ ਆਦਮੀ ਪਾਰਟੀ ਦੇ ਵਰਕਰ, ਅਕਾਲੀ ਵਰਕਰ ਅਤੇ ਪਿੰਡਾਂ ਵਿਚੋਂ ਸਰਪੰਚਾਂ ਅਤੇ ਦੁਆਬਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਦੀ ਅਗਵਾਈ ‘ਚ ਟਰੈਫਿਕ ਜਾਮ ਧਰਨੇ ਵਿੱਚ ਬੈਠੇ। ਪਿੰਡਾਂ, ਸ਼ਹਿਰਾਂ ਦੀਆਂ ਸਵੈ-ਸੇਵੀ ਸੰਸਥਾਵਾਂ, ਲੇਖਕ, ਪੱਤਰਕਾਰ, ਟੀਚਰ, ਮੁਲਾਜ਼ਮ ਵੱਡੀ  ਗਿਣਤੀ ‘ਚ ਇਸ ਜਲਸੇ ਵਿੱਚ ਸ਼ਾਮਲ ਸਨ। ਜਲਸੇ ‘ਚ ਬੁਲਾਰਿਆਂ ਦਾ ਆਮ ਮੱਤ ਇਹ ਸੀ ਕਿ ਕਿਸਾਨ ਅੰਦੋਲਨ ਨੂੰ ਖ਼ਾਸ ਕਰਕੇ 26 ਜਨਵਰੀ ਵਾਲੇ ਦਿਨ ਟਰੈਪ ਕਰਨ ਦਾ ਯਤਨ ਹੋਇਆ, ਜੋ ਆਮ ਤੌਰ ‘ਤੇ ਜੰਗ ਦੇ ਦਿਨਾਂ ਵਿੱਚ ਵਿਰੁੱਧੀ ਸੈਨਾ ਵਲੋਂ ਕੀਤਾ ਜਾਂਦਾ ਹੈ, ਜਿਸਦਾ ਮੁਕਾਬਲਾ ਕਿਸਾਨ ਆਗੂਆਂ ਨੇ ਕੀਤਾ ਅਤੇ ਇਸ ਸਬੰਧੀ ਕਿਸਾਨ ਆਗੂ ਰਕੇਸ਼ ਟਿਕੈਤ ਦੀ ਭੂਮਿਕਾ ਬਹੁਤ ਵੱਡੀ ਰਹੀ।ਬੁਲਾਰਿਆਂ ਨੇ ਦਿੱਲੀ ਦੀਆਂ ਬਰੂਹਾਂ ‘ਤੇ ਪੁਲਿਸ ਵਲੋਂ ਕੀਤੀ ਗਈ ਭਿਅੰਕਰ ਬੈਰੀਕੇਟਿੰਗ ਦੀ ਸਖ਼ਤ ਨਿੰਦਾ ਕੀਤੀ ਅਤੇ ਲੋਹੇ ਦੇ ਸੂਏ ਲਗਾਕੇ ਅਤੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਅੰਦਰ ਜਾਣੋਂ ਰੋਕਣ ਦਾ ਸਖ਼ਤ ਨੋਟਿਸ ਲਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਸਿਰਫ਼ ਤਿੰਨ ਖੇਤੀ ਕਾਲੇ ਕਾਨੂੰਨ ਦੀ ਵਾਪਿਸੀ ਲਈ ਹੀ ਨਹੀਂ ਲੜ ਰਹੇ ਸਗੋਂ ਉਹਨਾ ਦੀ ਲੜਾਈ ਪੰਜਾਬ ਦੀ ਹੋਂਦ ਬਚਾਉਣ ਦੀ ਹੈ, ਜਿਸਨੂੰ ਮੌਜੂਦਾ ਹਾਕਮ ਖ਼ਤਮ ਕਰਨ ਦੇ ਰਾਹ  ਪਏ ਹੋਏ ਹਨ। ਜਲਸੇ ਵਿੱਚ ਵਾਰ-ਵਾਰ ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਲੱਗ ਰਹੇ ਸਨ। ਕਿਸਾਨ ਨੇਤਾ ਲਗਾਤਾਰ ਬੀਜੇਪੀ ਪਾਰਟੀ  ਨੂੰ ਭਵਿੱਖ ਵਿੱਚ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਸਨ, ਜਿਸਨੂੰ ਹਾਜ਼ਰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਸੀ। ਅੱਜ ਦੇ ਇਸ ਮੁੱਖ ਸੜਕਾਂ ਤੇ ਜਾਮ ਸਮੇਂ ਸ਼ਹਿਰ ਦੇ ਬਜ਼ਾਰ ਆਮ ਤੌਰ ਤੇ ਖੁਲ੍ਹੇ ਰਹੇ ਅਤੇ ਲਿੰਕ ਸੜਕਾਂ ਉਤੇ ਆਵਾਜਾਈ ਚਲਦੀ ਵੇਖੀ ਗਈ।