ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜਲਦ ਹੀ ਜਲੰਧਰ ਵਿਚ ਰੈਵੀਨਿਉ ਕੋਰਟ ਮੈਨੇਜਮੈਂਟ ਸਿਸਟਮ ਜਿਸ ਰਾਹੀਂ ਰੈਵੀਨਿਉ ਕੋਰਟਾਂ ਦੇ ਕੰਮ ਵਿਚ ਤੇਜ਼ੀ ਆਵੇਗੀ,ਸ਼ੁਰੂ ਕੀਤਾ ਜਾਵੇਗਾ।
ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮਾਲ ਅਫਸਰਾਂ ਅਤੇ ਸਹਾਇਕ ਅਮਲੇ ਦੀ ਟ੍ਰੇਨਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੈਬ ਆਥਾਰਿਤ ਸਿਸਟਮ ਨੈਸ਼ਨਲ ਇੰਫੋਰਮੈਟਿਕ ਸੈਂਟਰ ਦੁਆਰਾ ਬਣਾਇਆ ਗਿਆ ਹੈ ਜਿਸ ਰਾਹੀਂ ਮਾਲ ਅਦਾਲਤਾਂ ਵਿਚ ਚਲ ਰਹੇ ਕੇਸਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਉਨਾਂ ਕਿਹਾ ਕਿ ਇਹ ਸਿਸਟਮ ਖਾਸ ਤੌਰ ਤੇ ਪੰਜਾਬ ਦੀਆਂ ਸਾਰੀਆਂ ਮਾਲ ਅਦਾਲਤਾਂ ਲਈ ਬਣਾਇਆ ਗਿਆ ਹੈ ਜਿਸ ਵਿਚ ਵਿੱਤ ਕਮਿਸ਼ਨਰ , ਡਵੀਜ਼ਨਲ ਕਮਿਸ਼ਨਰ,ਲੈਂਡ ਰਿਕਾਰਡ ਡਾਇਰੈਕਟਰ,ਡਿਪਟੀ ਕਮਿਸ਼ਨਰ,ਉਪ ਮੰਡਲ ਮੈਜਿਸਟਰੇਟ,ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਕੰਮ ਹੋਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਸਿਸਟਮ ਵਿਚ ਜਾਇਦਾਦ ਦੇ ਕੇਸਾਂ ਦੀ ਜਾਣਕਾਰੀ ਦੇ ਨਾਲ-ਨਾਲ ਪਟੀਸ਼ਨਰ ਅਤੇ ਰਿਸਪੌਡੈਂਟ,ਸੰਮਨ ਜਾਰੀ ਕਰਨਾ ਅਤੇ ਸਿਸਟਮ ਆਪਣੇ ਆਪ ਹੀ ਕੇਸਾਂ ਦੀ ਤਰੀਕ ਅਤੇ ਕੋਰਟ ਵਾਇਸ ਜਾਣਕਾਰੀ ਦੇਵੇਗਾ ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਸਿਸਮਟ ਵਿਚ ਅੰਤਰਿਮ ਆਦੇਸ਼,ਅੰਤਮ ਫੈਸਲਾ ਅਤੇ ਹੋਰ ਜਾਣਕਾਰੀ ਵੀ ਮਿਲੇਗੀ। ਉਨਾਂ ਕਿਹਾ ਕਿ ਇਹ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਇਸ ਰਾਹੀਂ ਉਹ ਆਪਣੇ ਕੇਸਾਂ ਦੇ ਸਟੇਟਸ ਬਾਰੇ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਣਗੇ। ਉਨਾਂ ਕਿਹਾ ਕਿ ਇਹ ਸਿਸਟਮ ਲੋਕਾਂ ਨੂੰ ਮਾਲ ਅਦਾਲਤਾਂ ਸਬੰਧੀ ਸਾਰੀ ਜਾਣਕਾਰੀ ਆਨਲਾਈਨ ਦੇਵੇਗਾ ਅਤੇ ਇੱਕ ਕਲਿੱਕ ਰਾਹੀਂ ਜਾਇਦਾਦ ਸਬੰਧੀ ਕੇਸਾਂ ਦੀ ਸਥਿਤੀ ਪਤਾ ਕਰ ਸਕਣਗੇ।
ਇਸ ਦੌਰਾਨ ਜ਼ਿਲ੍ਹਾ ਸੂਚਨਾ ਅਫਸਰ ਸ੍ਰੀ ਏ.ਐਸ ਕਲਸੀ ਵਲੋਂ ਇਸ ਮੈਨੇਜਮੈਂਟ ਸਿਸਟਮ ਦੀ ਮੁਢਲੀ ਜਾਣਕਾਰੀ ਮੁਹੱਈਆਂ ਦਿੱਤੀ ਗਈ ਜੋ ਕਿ ਆਮ ਜਨ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ,ਉਪ ਮੰਡਲ ਮੈਜਿਸਟਰੇਟ ਸ੍ਰੀ ਅਮਿਤ ਕੁਮਾਰ,ਸ੍ਰੀ ਰਾਹੁਲ ਸਿੱਧੂ,ਸ੍ਰੀ ਸੰਜੀਵ ਸ਼ਰਮਾ,ਸ੍ਰੀ ਵੀਨੀਤ ਕੁਮਾਰ ਅਤੇ ਡਾ.ਜੈ ਇੰਦਰ ਸਿੰਘ,ਜ਼ਿਲ੍ਹਾ ਮਾਲ ਅਫਸਰ ਸ੍ਰੀ ਜਸ਼ਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।