ਜਲੰਧਰ : ਨੂਰਮਹਿਲ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਅਤੇ ਪਿੰਡ ਗੜ੍ਹਾ ਵਹਿੰਦਾ ਦੇ ਨੰਬਰਦਾਰ ਕੀਮਤੀ ਲਾਲ ਜੋ ਬੀਤੇ ਦਿਨੀਂ ਸੁਰਗਵਾਸ ਹੋ ਗਏ ਸਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਗਰੁੜ ਪੁਰਾਣ ਪਾਠ ਦਾ ਭੋਗ ਪਾਉਣ ਉਪਰੰਤ ਨੰਬਰਦਾਰ ਯੂਨੀਅਨ ਦੇ ਵੱਖ ਵੱਖ ਅਹੁਦੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਕੀਮਤੀ ਲਾਲ ਯੂਨੀਅਨ ਦੇ ਜਨਰਲ ਸਕੱਤਰ ਸਨ ਅਤੇ ਮਾਲ ਮਹਿਕਮੇ ਦੀ ਪੂਰੀ ਜਾਣਕਾਰੀ ਰੱਖਦੇ ਸਨ, ਇਸੇ ਕਾਰਣ ਉਹ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਅਫਸਰਾਂ ਖਿਲਾਫ਼ ਕੋਈ ਨਾ ਕੋਈ ਮੁਹਿੰਮ ਛੇੜੀ ਰੱਖਦੇ ਸਨ। ਇਮਾਨਦਾਰੀ ਨੂੰ ਮੁੱਖ ਰੱਖਦਿਆਂ ਉਹ ਸਹੀ ਦਸਤਾਵੇਜ਼ਾਂ ਉੱਪਰ ਹੀ ਆਪਣੀ ਨੰਬਰਦਾਰੀ ਦੀ ਮੋਹਰ ਲਗਾਉਂਦੇ ਸਨ। ਇਸ ਸ਼ੋਕ ਸਭਾ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਦਿਲਬਾਗ ਸਿੰਘ, ਪਠਾਨਕੋਟ ਤੋਂ ਚੇਅਰਮੈਨ ਰਘੁਵੀਰ ਸਿੰਘ ਸੰਧੂ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਿੰਦਰ ਸਿੰਘ ਅਤੇ ਨਕੋਦਰ ਤਹਿਸੀਲ ਪ੍ਰਧਾਨ ਗੁਰਬਚਨ ਲਾਲ ਨੇ ਕਿਹਾ ਕਿ ਸਵਰਗੀ ਕੀਮਤੀ ਲਾਲ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ। ਉਹ ਚੰਗੇ ਸੁਭਾਅ ਸਦਕਾ ਪੂਰੇ ਪੰਜਾਬ ਵਿੱਚ ਸੰਪਰਕ ਬਣਾਈ ਰੱਖਦੇ ਸਨ। ਤਹਿਸੀਲ ਕੰਪਲੈਕਸਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਅਨਿਆਂ ਦੇ ਖਿਲਾਫ਼ ਡੱਟਕੇ ਲੜਾਈ ਲੜਨ ਵਾਲੇ ਯੋਧਾ ਸਨ। ਯੂਨੀਅਨ ਵਿੱਚ ਕਾਨੂੰਨ ਮੰਤਰੀ ਵਾਂਗ ਕੰਮ ਕਰਦੇ ਸਨ। ਬੁਲਾਰਿਆਂ ਨੇ ਕਿਹਾ ਅਫਸਰਸ਼ਾਹੀ ਖ਼ੁਦ ਹੀ ਭ੍ਰਿਸ਼ਟਾਚਾਰ ਫੈਲਾਉਂਦੀ ਹੈ ਅਤੇ ਬਦਨਾਮ ਨੰਬਰਦਾਰਾਂ ਨੂੰ ਕਰਦੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਕੀਮਤੀ ਲਾਲ ਦੀ ਤਰਾਂ ਸ਼ਾਤਰ ਅਫਸਰਾਂ ਖਿਲਾਫ਼ ਕੋਈ ਨਾ ਮੁਹਿੰਮ ਚਲਾਈ ਰੱਖੀਏ ਤਾਂ ਹੀ ਲੋਕਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਸਾਨੂੰ ਸਾਰਿਆਂ ਨੂੰ ਨੰਬਰਦਾਰ ਕੀਮਤੀ ਲਾਲ ਵਰਗੇ ਕੀਮਤੀ ਸਾਥੀ ਦੇ ਇਸ ਦੁਨੀਆਂ ਵਿਚੋਂ ਚਲੇ ਜਾਣ ਦਾ ਬੇਹੱਦ ਅਫ਼ਸੋਸ ਹੈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਇਸ ਸ਼ੋਕ ਸਭਾ ਵਿੱਚ ਆਏ ਹਰ ਇੱਕ ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ, ਰਿਸ਼ਤੇਦਾਰਾਂ ਅਤੇ ਹੋਰ ਨੰਬਰਦਾਰ ਸਾਹਿਬਾਨਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ। ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਅਤੇ ਜਨਰਲ ਸਕੱਤਰ ਲਾਭ ਸਿੰਘ ਕੂੜੈਲ ਦਾ ਸ਼ੋਕ ਸੰਦੇਸ਼ ਵੀ ਸਭ ਨਾਲ ਸਾਂਝਾ ਕੀਤਾ।
ਇਸ ਸ਼ੋਕ ਸਭਾ ਆਬਕਾਰੀ ਅਤੇ ਕਰ ਵਿਭਾਗ ਦੇ ਸਾਬਕਾ ਅਫ਼ਸਰ ਪਰਮਪਾਲ ਸਿੰਘ, ਕੌਂਸਲਰ ਮਿੰਟੂ ਜੁਨੇਜਾ, ਬਲਜੀਤ ਪੋਪੀ ਸਾਬਕਾ ਕੌਂਸਲਰ, ਰਾਕੇਸ਼ ਕਨੌਜੀਆ, ਨਰਿੰਦਰ ਬੁੱਧੀ ਰਾਜਾ ਅਤੇ ਹੋਰ ਕਈ ਸਖਸ਼ੀਅਤਾਂ ਨੇ ਸਵਰਗਵਾਸੀ ਕੀਮਤੀ ਲਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।