ਜਲੰਧਰ, 11 ਨਵੰਬਰ
ਕਮਿਸ਼ਨਰੇਟ ਪੁਲਿਸ ਨੇ ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਅਤੇ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਸ਼ਰਾਬ ਦੇ ਠੇਕੇ ਭੰਨ ਕੇ ਸ਼ਰਾਬ ਚੋਰੀ ਕਰਨ ਵਾਲੇ 11 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋਂ 3 ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ, ਲੁੱਟ-ਖੋਹ ਤੇ ਚੋਰੀ ਦਾ ਸਮਾਨ, ਸੋਨੇ ਦੇ ਗਹਿਣੇ, ਚਾਂਦੀ ਦੇ ਬਰਤਨ , ਦੁਪਹੀਆ ਵਾਹਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਕਾਫੀ ਸਮੇਂ ਤੋਂ ਅਨਟਰੇਸ ਚੱਲੇ ਆ ਰਹੇ 14 ਕੇਸ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਸੀਆਈਏ ਸਟਾਫ-1 ਦੀ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਿਹਾਲ ਸਿੰਘ ਪੁੱਤਰ ਵਿਜੈ ਸਿੰਘ ਵਾਸੀ ਗੌਤਮਨਗਰ ਜਲੰਧਰ, ਰੋਹਿਤ ਕੁਮਾਰ ਉਰਫ ਮੱਕੜ ਪੁੱਤਰ ਰਾਮ ਚੰਦ ਵਾਸੀ ਬੈਂਕ ਕਲੋਨੀ ਕਬੀਰ ਵਿਹਾਰ ਜਲੰਧਰ, ਵਿਕੀ ਵਾਸੀ ਰਾਜ ਨਗਰ ਹਾਲ ਵਾਸੀ ਕ੍ਰਿਸ਼ਨਾ ਨਗਰ ਜਲੰਧਰ, ਜਗਪ੍ਰੀਤ ਉਰਫ ਗੋਪੀ ਵਾਸੀ ਚੂਨਾ ਭੱਠੀ ਰਾਜ ਨਗਰ ਜਲੰਧਰ, ਰੋਹਿਤ ਸ਼ਰਮਾ ਵਾਸੀ ਕ੍ਰਿਸ਼ਨਾ ਨਗਰ ਜਲੰਧਰ ਆਦਿ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ, ਸਨੈਚਿੰਗ, ਘਰਾਂ ਅਤੇ ਦੁਕਾਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਨ ਅਤੇ ਦੇਰ ਰਾਤ ਸਮੇਂ ਅੰਜਾਮ ਦਿੰਦੇ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ 02 ਜਲੰਧਰ ਵਿਖੇ ਆਈਪੀਸੀ ਧਾਰਾ 392,379-ਬੀ, 379, 380, 454, 457, 482, 411 ਅਤੇ ਆਰਮਜ਼ ਐਕਟ ਦੀ ਧਾਰਾ 25-54-59 ਅਧੀਨ ਥਾਣਾ ਡਵੀਜ਼ਨ ਨੰਬਰ 02 ਜਲੰਧਰ ਵਿਖੇ ਮੁਕੱਦਮਾ ਨੰ. 140 ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜੁਰਮ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅਤੇ ਸੀਆਈਏ ਸਟਾਫ ਨੇ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਚਾਰ ਮੁਲਜ਼ਮਾਂ ਨਿਹਾਲ ਸਿੰਘ, ਰੋਹਿਤ ਉਰਫ ਮੱਕੜ, ਮਨਜਿੰਦਰ ਸਿੰਘ ਉਰਫ ਵਿੱਕੀ ਅਤੇ ਜਗਪ੍ਰੀਤ ਉਰਫ ਗੋਪੀ ਨੂੰ ਮੇਨ ਰੋਡ ਵਰਕਸ਼ਾਪ ਚੌਕ ਨੇੜੇ ਦਾਣਾ ਮੰਡੀ ਤੋਂ ਅਤੇ ਰੋਹਿਤ ਸ਼ਰਮਾ ਉਰਫ ਰਵੀ ਨੂੰ ਜੇਪੀ ਨਗਰ ਪਾਰਕ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਇੱਕ ਪਿਸਤੌਲ 9 ਐਮਐਮ ਸਮੇਤ 03 ਜ਼ਿੰਦਾ ਕਾਰਤੂਸ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ, ਇਕ ਦੇਸੀ ਪਿਸਤੌਲ 3*3 ਬੋਰ ਸਮੇਤ 03 ਜ਼ਿੰਦਾ ਕਾਰਤੂਸ, ਸੋਨੇ ਦੇ ਇੱਕ ਜੋੜੀ ਟੋਪਸ, ਸੋਨੇ ਦੀ ਕੰਨ ਦੀ ਵਾਲੀ, ਸੋਨੇ ਦੀ ਇੱਕ ਚੇਨ, ਚਾਂਦੀ ਦੀ ਇਕ ਕਟੋਰੀ, ਗਿਲਾਸ ਅਤੇ ਚਮਚ, 7 ਐਨਡਰਾਇਡ ਮੋਬਾਇਲ ਫੋਨ ਅਤੇ 4 ਕੀ ਪੈਡ ਵਾਲੇ ਫੋਨ, ਇੱਕ ਚੋਰੀ ਕੀਤਾ ਇਨਵਰਟਰ ਅਤੇ ਬੈਟਰਾ, 02 ਚੋਰੀ ਕੀਤੇ ਗੈਸ ਸਿਲੰਡਰ, 28 ਜੋੜੇ ਚੋਰੀ ਕੀਤੇ ਰੇਡੀਮੇਡ ਪੈਂਟਾ ਤੇ ਕਮੀਜ਼ਾਂ, ਚੋਰੀ ਅਤੇ ਖੋਹ ਕੀਤੇ ਕੁੱਲ 17,800/- ਰੁਪਏ ਨਕਦ, ਮੋਬਾਇਲ ਦੀ ਦੁਕਾਨ ਵਿਚੋਂ ਚੋਰੀ ਕੀਤੀ ਸਪਲੈਂਡਰ ਮੋਟਰਸਾਈਕਲ ਦੀ ਆਰਸੀ (ਜੋ ਇਹ ਵਾਰਦਾਤਾਂ ਕਰਨ ਸਮੇਂ ਵਰਤੇ ਜਾਣ ਵਾਲੇ ਮੋਟਰਸਾਈਕਲ ‘ਤੇ ਨੰਬਰ ਲਗਾ ਕੇ ਵਰਤਦੇ ਸਨ), ਮੋਟਰਸਾਈਕਲ ਸਪਲੈਂਡਰ, 2 ਐਕਟੀਵਾ, ਦੋ ਪੇਟੀਆਂ ਚੋਰੀ ਕੀਤਾ ਤੇਲ, ਦੁਕਾਨਾਂ ਅਤੇ ਬੰਦ ਪਏ ਘਰਾਂ ਦੇ ਤਾਲੇ ਤੋੜਨ ਵਿੱਚ ਵਰਤਿਆ ਜਾਣ ਵਾਲਾ ਪਾਇਪ ਬੈਂਚ ਬਰਾਮਦ ਕੀਤੇ ਗਏ ਹਨ।
ਭੁੱਲਰ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਮਿਸ਼ਨਰੇਟ ਪੁਲਿਸ ਨੂੰ ਕਾਫੀ ਲੰਮੇ ਸਮੇਂ ਤੋਂ ਅਨਟਰੇਸ ਪਏ 14 ਕੇਸ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 21 ਤੋਂ 26 ਸਾਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਜਗਪ੍ਰੀਤ ਸਿੰਘ ਨੂੰ ਲੋਹੇ ਦੇ ਸ਼ਟਰਾਂ ਬਾਰੇ ਪੂਰੀ ਜਾਣਕਾਰੀ ਸੀ। ਇਹ ਬਾਕੀ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੁਕਾਨਾਂ ਨੂੰ ਟਾਰਗੇਟ ਕਰਦਾ ਸੀ, ਜਿਨ੍ਹਾਂ ਦੇ ਸੈਂਟਰਲ ਲਾਕ ਨਹੀਂ ਹੁੰਦੇ ਸਨ ਅਤੇ ਸਾਈਡਾਂ ‘ਤੇ ਲਾਕ ਹੁੰਦੇ ਸਨ। ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਵੀ ਸ਼ਟਰਾਂ ਦੇ ਤਾਲੇ ਤੋੜਨ ਦੀ ਸਿਖਲਾਈ ਦਿੱਤੀ ਹੋਈ ਸੀ।ਉਨ੍ਹਾਂ ਅੱਗੇ ਦੱਸਦਿਆ ਕਿਹਾ ਕਿ ਸਾਰੇ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੀਆਈਏ ਸਟਾਫ-1 ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁੱਟ-ਖੋਹ ਅਤੇ ਚੋਰੀਆਂ ਦੇ ਹੋਰ ਮੁਕੱਦਮੇ ਟਰੇਸ ਹੋਣ ਅਤੇ ਲੁੱਟ-ਖੋਹ ਅਤੇ ਚੋਰੀਆਂ ਦਾ ਹੋਰ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਲਈ ਸੀਆਈਏ ਸਟਾਫ ਇੰਚਾਰਜ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀੜਤਾਂ ਨੇ ਕੇਸ ਟਰੇਸ ਹੋਣ ‘ਤੇ ਪ੍ਰਗਟਾਈ ਖੁਸ਼ੀਜਦੋਂ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਤਾਂ ਇਸ ਗਿਰੋਹ ਦੇ ਪੀੜਤਾਂ ਨੇ ਅਨਟਰੇਸ ਪਏ ਕੇਸਾਂ ਦਾ ਪਤਾ ਲਗਾਉਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਹ ਤੁਰੰਤ ਥਾਣੇ ਪਹੁੰਚੇ ਅਤੇ ਇਸ ਪ੍ਰਸ਼ੰਸਾਯੋਗ ਸੇਵਾ ਲਈ ਕਮਿਸ਼ਨਰੇਟ ਪੁਲਿਸ ਦੀ ਸ਼ਲਾਘਾ ਕਰਨ ਤੋਂ ਇਲਾਵਾ ਆਪਣੀ ਚੋਰੀ ਹੋਈ ਸੰਪਤੀ ਦੀ ਪਹਿਚਾਨ ਕੀਤੀ।