ਜਲੰਧਰ :- 72ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਰੋਹ ਵਿੱਚ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ  ਹਰਕਮਲ ਪ੍ਰੀਤ ਸਿੰਘ ਖੱਖ ਕਮਾਂਡੈਂਟ 7ਵੀਂ ਬਟਾਲੀਅਨ ਪੀ.ਏ.ਪੀ., ਜਿਨ੍ਹਾਂ ਕੋਲ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦਾ ਵਾਧੂ ਚਾਰਜ ਵੀ ਹੈ, ਦਾ ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈੰਡਿੰਗ ਡਿਵੋਸ਼ਨ ਟੂ ਡਿਊਟੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਖੱਖ ਵੱਲੋਂ ਆਪਣੀ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਣ ਦੀ ਭਾਵਨਾ ‘ਤੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਮਾਣ ਹੈ।

ਜ਼ਿਕਰਯੋਗ ਹੈ ਕਿ ਖੱਖ ਦਾ ਬਤੌਰ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਸਦਕਾ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ । ਉਨ੍ਹਾਂ ਪਿਛਲੇ ਕੁਝ ਸਾਲਾਂ ਵਿੱਚ ਜਿਥੇ ਵੱਖ-ਵੱਖ ਅੱਤਵਾਦੀ ਗਰੁੱਪਾਂ ਨੂੰ ਬੇਨਕਾਬ ਕਰਨ ਅਤੇ ਸੂਬੇ ਵਿਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ ਉਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਸਾਲ 2009 ਵਿੱਚ ਫਗਵਾੜਾ ਵਿਖੇ 50 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਨੂੰ ਪੁਲਿਸ ਟੀਮ, ਜਿਸ ਦੀ ਅਗਵਾਈ ਖੱਖ ਵੱਲੋਂ ਕੀਤੀ ਜਾ ਰਹੀ ਸੀ, ਵੱਲੋਂ ਦਬੋਚਿਆ ਗਿਆ ਸੀ, ਜੋ ਕਿ ਹੁਣ ਤੱਕ ਦੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਭ ਤੋਂ ਵੱਡੀ ਰਿਕਵਰੀ ਹੈ।
ਖੱਖ ਨੇ ਸਾਲ 1994 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਜੁਆਇਨ ਕੀਤਾ ਸੀ ਅਤੇ ਸਾਲ 2016 ਵਿੱਚ ਬਤੌਰ ਐਸ.ਐਸ.ਪੀ. ਪਦਉਨਤ ਹੋਣ ਤੋਂ ਪਹਿਲਾਂ ਉਨ੍ਹਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੰਸਪੈਕਟਰ, ਡੀ.ਐਸ.ਪੀ. ਅਤੇ ਐਸ.ਪੀ. ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਅੰਮ੍ਰਿਤਸਰ ਵਿਖੇ ਬਤੌਰ ਐਸ.ਐਸ.ਪੀ.ਦਿਹਾਤੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਉਨ੍ਹਾਂ ਨੂੰ ਡੀ.ਜੀ.ਪੀ. ਸੁਰੇਸ਼ ਅਰੋੜਾ ਵਲੋਂ ਡੀ.ਜੀ.ਪੀ. ਕੰਮੈਂਡੇਸ਼ਨ ਡਿਸਕ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖੱਖ ਸਾਲ 2017 ਤੋਂ ਕਮਾਂਡੈਂਟ 7ਵੀਂ ਬਟਾਲੀਅਨ ਪੀ.ਏ.ਪੀ. ਅਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦਾ ਚਾਰਜ ਸੰਭਾਲ ਰਹੇ ਹਨ।