ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਵਲੋਂ ਅੱਜ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਸੰਬੋਧਨ ਕਰਦਿਆਂ ਦੁਆਬਾ ਖੇਤਰ ਦੇ ਵਿਕਾਸ ਲਈ ਅਤੇ ਵਿਸ਼ੇਸ਼ ਕਰਕੇ ਉੱਚੇਰੀ ਸਿੱਖਿਆ ਲਈ ਅਹਿਮ ਐਲਾਨ ਕੀਤੇ।ਉਨਾਂ ਕਪੂਰਥਲਾ ਵਿਖੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਸਹਿਯੋਗ ਨਾਲ ਮੈਨੇਜਮੈਟ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੈਡੀਕਲ ਕਾਲਜ ਕਪੂਰਥਲਾ ਨੀਂਹ ਪੱਥਰ ਜਲਦ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਇਸਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਉਨਾਂ ਸੁਲਤਾਨਪੁਰ ਲੋਧੀ ਵਿਖੇ ਆਈ.ਟੀ.ਆਈ ਦੀ ਸਥਾਪਨਾ ਅਤੇ ਭੁਲੱਥ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ ਦੀ ਸਥਾਪਨਾ ਦਾ ਐਲਾਨ ਕੀਤਾ।ਉਨਾਂ ਕਪੂਰਥਲਾ ਸ਼ਹਿਰ ਨੂੰ ਵਿਸ਼ੇਸ਼ ਤੌਰ ਤੇ 10 ਕਰੋੜ ਰੁਪਏ ਵਿਕਾਸ ਕਾਰਜ਼ਾਂ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਾਈ ਟੈਂਸ਼ਨ ਤਾਰਾਂ ਹਟਾਉਣ ਲਈ ਵੀ 4 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ।ਉਨਾਂ ਕਿਹਾ ਕਿ ਚੌਥਾ ਦਰਜਾ ਕਰਮਚਾਰੀਆਂ ਦੀ ਭਰਤੀ ਰੈਗੁਲਰ ਹੋਵੇਗੀ ਅਤੇ ਉਨਾਂ ਨੂੰ ਠੇਕੇ ਤੇ ਨਹੀਂ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸਦੇ ਖਾਤਮੇ ਲਈ ਮੁਹਰੇ ਆਉਣ।