ਲੁਧਿਆਣਾ :
ਲੁਧਿਆਣਾ ਨਗਰ ਨਿਗਮ ਤੇ ਕੋਰੋਨਾ ਵਾਇਰਸ ਦਾ ਸਾਇਆ ਲਗਾਤਾਰ ਗੂੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਇੱਕ ਜ਼ੋਨਲ ਕਮਿਸ਼ਨਰ ਸਮੇਤ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ, ਜਦਕਿ ਇਨ੍ਹਾਂ ਵਿੱਚੋਂ ਇੱਕ ਸਫਾਈ ਸੇਵਕ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ! ਪਿਛਲੇ ਦਿਨੀਂ ਡਿਊਟੀ ਦੇ ਦੌਰਾਨ ਸਫ਼ਾਈ ਸੇਵਕ ਨੂੰ ਸਾਹ ਰੁਕਣ ਦੀ ਸ਼ਿਕਾਇਤ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ਲਿਜਾਣ ਦੌਰਾਨ ਉਸ ਦੀ ਮੌਤ ਹੋ ਗਈ। ਅੱਜ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਮ੍ਰਿਤਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਸਫਾਈ ਸੇਵਕ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 40 ਦੇ ਇਲਾਕੇ ਕਬੀਰ ਨਗਰ ਵਿੱਚ ਡਿਊਟੀ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਡਿਊਟੀ ਦੌਰਾਨ ਸਾਹ ਘੁੱਟਣ ਦੀ ਸ਼ਿਕਾਇਤ ਹੋਈ। ਸੈਂਟਰੀ ਸੁਪਰਵਾਈਜ਼ਰ ਵੱਲੋਂ ਉਸ ਨੂੰ ਘਰ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰ ਉਸ ਨੂੰ ਸੀਐੱਮਸੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਕੋਰੋਨਾ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਉਸ ਨੂੰ ਟੈਸਟ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਸ਼ ਨੂੰ ਮੋਰਚਰੀ ਵਿੱਚ ਰੱਖ ਕੇ ਇੱਕ ਸੈਂਪਲ ਕੋਰੋਨਾ ਟੈਸਟ ਲਈ ਭੇਜਿਆ। ਸੋਮਵਾਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਨਿਕਲ ਗਈ ਜਦੋਂ ਮ੍ਰਿਤਕ ਦਾ ਕੋਰੋਨਾ ਟੈਸਟ ਪਾਜ਼ਟਿਵ ਆਇਆ। ਸਫਾਈ ਮੁਲਾਜ਼ਮ ਦੇ ਸੰਪਰਕ ਵਿੱਚ ਆਉਣ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵੀ ਕੋਰੋਨਾ ਟੈਸਟ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।