ਫਗਵਾੜਾ 21 ਅਪ੍ਰੈਲ (ਸ਼ਿਵ ਕੋੜਾ) ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਇੰਦੂ ਸਰਵਟਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮੰਡੀਆਂ ਵਿਚ ਕਣਕ ਦੀ ਖਰੀਦ ਸਬੰਧੀ ਕੀਤੇ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਿਤ ਹੋ ਗਏ ਹਨ ਕਿਉਂਕਿ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਿੱਲਤ ਨੂੰ ਲੈ ਕੇ ਕਿਸਾਨ ਡਾਢੇ ਪਰੇਸ਼ਾਨ ਹਨ ਅਤੇ ਬਾਰਦਾਨਾ ਨਾ ਹੋਣ ਦੇ ਚਲਦਿਆਂ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ। ਉਹਨਾਂ ਕਿਹਾ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿਚ ਬਰਸਾਤ, ਹਨ੍ਹੇਰੀ ਝੱਖੜ ਨੂੰ ਦੇਖਦੇ ਹੋਏ ਕਿਸਾਨਾ ਦੇ ਮੱਥੇ ਤੇ ਚਿੰਤਾ ਅਤੇ ਫਿਕਰ ਦੀਆਂ ਲਕੀਰਾਂ ਨੂੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਗੰਭੀਰਤਾ ਦਿਖਾਵੇ ਅਤੇ ਬਾਰਦਾਨੇ ਦੀ ਲੋੜੀਂਦੀ ਪੂਰਤੀ ਕੀਤੀ ਜਾਵੇ। ਲੱਕੀ ਸਰਵਟਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਣਕਾਂ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾ ਨੂੰ ਭਰੋਸਾ ਦਿੱਤਾ ਸੀ ਕਿ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਬਾਰਦਾਨਾ ਤਾਂ ਫਸਲ ਦੀ ਸਭ ਤੋਂ ਮੁਢਲੀ ਜਰੂਰਤ ਹੈ ਜਿਸਦੀ ਕਮੀ ਹੀ ਦੱਸਦੀ ਹੈ ਕਿ ਕੈਪਟਨ ਸਰਕਾਰ ਕਿਸਾਨ ਪੱਖੀ ਹੋਣ ਦੇ ਖੋਖਲੇ ਦਾਅਵੇ ਕਰਦੀ ਹੈ। ਇਸ ਸਰਕਾਰ ਨੂੰ ਕਿਸਾਨਾ ਦੀ ਕੋਈ ਚਿੰਤਾ ਨਹੀਂ ਹੈ। ਕਿਸਾਨਾ ਨੂੰ ਵਰਗਲਾ ਕੇ ਸਿਰਫ ਵੋਟਾਂ ਹਾਸਲ ਕਰਨਾ ਹੀ ਕੈਪਟਨ ਸਰਕਾਰ ਦਾ ਮੁੱਖ ਮੰਤਵ ਹੈ।