ਚੰਡੀਗੜ੍ਹ:, ਰਾਜਪੁਰਾ ਕਸਬੇ ‘ਚੋਂ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ‘ਚ ਵੀ ਕੋਰੋਨਾ ਵਾਇਰਸ ਦੇ 2 ਪਾਜ਼ੀਟਿਵ ਮਰੀਜ਼ ਮਿਲੇ ਹਨ। ਇਸ ਨਾਲ ਪੰਜਾਬ ‘ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 298 ਤਕ ਪਹੁੰਚ ਗਈ ਹੈ।ਜਾਣਕਾਰੀ ਮੁਤਾਬਿਕ ਰਾਜਪੁਰਾ ‘ਚ ਇਸ ਤੋਂ ਪਹਿਲਾਂ 30 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਹੋਰ ਨਵੇਂ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀਂ ਵੀਰਵਾਰ ਨੂੰ 35 ਸ਼ੱਕੀ ਲੋਕਾਂ ਦੇ ਸੈਂਪਲ ਜਾਂਚ ਲਈ ਲੈਬ ‘ਚ ਭੇਜੇ ਗਏ ਸਨ, ਜਿਸ ਦੀ ਰਿਪੋਰਟ ਅੱਜ ਆਈ ਹੈ। ਇਨ੍ਹਾਂ ‘ਚੋਂ 6 ਜਣਿਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਰਾਜਪੁਰਾ ‘ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ, ਜਦਕਿ ਪਟਿਆਲਾ ਜ਼ਿਲ੍ਹੇ ‘ਚ ਇਹ ਗਿਣਤੀ 55 ਤਕ ਪਹੁੰਚ ਗਈ ਹੈ।ਅੱਜ ਜਿਹੜੇ 2 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਇਹ ਤਬਲੀਗੀ ਜ਼ਮਾਤ ਦੇ ਪਾਜ਼ੀਟਿਵ ਮੈਂਬਰਾਂ ਦੇ ਸੰਪਰਕ ‘ਚ ਆਏ ਸਨ। ਹੁਣ ਮਾਨਸਾ ਜ਼ਿਲ੍ਹੇ ‘ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ, ਜਦਕਿ 2 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਚੁੱਕੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸ਼ੁੱਕਰਵਾਰ ਸਵੇਰੇ ਲੁਧਿਆਣਾ ‘ਚ ਮਹਿਲਾ BDPO ਦੋਰਾਹਾ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਹਿਲਾ DMO ਦੀ ਬੇਟੀ ਹੈ। ਜ਼ਿਕਰੋਯਗ ਹੈ ਕਿ ਬੀਤੀ 17 ਅਪ੍ਰੈਲ ਨੂੰ DMO ਦੀ ਰਿਪੋਰਟ ਪਾਜ਼ੀਟਿਵ ਆਈ ਸੀ।ਅੱਜ ਜਲੰਧਰ ਸ਼ਹਿਰ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨਾਲ ਜਲੰਧਰ ‘ਚ ਕੋਰੋਨਾ ਦੇ ਮਾਮਲੇ 63 ਹੋ ਗਏ ਹਨ।