ਜਲੰਧਰ 31 ਜੁਲਾਈ 2020

ਕੋਵਿਡ-19 ਦੇ ਮਰੀਜ਼ਾਂ ਲਈ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਆਈ.ਸੀ.ਯੂ. ਅਤੇ ਲੈਵਲ-3 ਦੀ ਸਹੂਲਤ ਨੂੰ ਵਧਾਉਣ ਦੇ ਮੱਦੇਨਜ਼ਰ ਸੂਬਾ ਸਿਹਤ ਸਲਾਹਕਾਰ ਡਾ.ਕੇ.ਕੇ.ਤਲਵਾੜ ਦੀਆਂ ਹਦਾਇਤਾਂ ‘ਤੇ ਗਠਿਤ ਕੀਤੀ ਗਈ ਕਮੇਟੀ ਵਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਕਮੇਟੀ ਦੇ ਮੁੱਖੀ ਡਾ.ਬਿਸ਼ਵ ਮੋਹਨ, ਡਾ.ਵਿਸ਼ਾਲ ਚੋਪੜਾ ਅਤੇ ਹੋਰਨਾਂ ਜਿਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ )ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ ਵਲੋਂ ਟਰੋਮਾ ਵਾਰਡ ਅਤੇ ਤੀਸਰੀ ਮੰਜ਼ਿਲ ਦਾ ਦੌਰਾ ਕੀਤਾ ਗਿਆ।

ਇਸ ਉਪਰੰਤ  ਸਾਰੰਗਲ ਜਿਨਾਂ ਨੂੰ ਖੇਤਰੀ ਹਸਪਤਾਲ ਦਾ ਇੰਚਾਰਜ ਲਗਾਇਆ ਗਿਆ ਹੈ ਵਲੋਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈਡਾਂ, ਵੈਂਟੀਲੇਟਰਾਂ ਦੀ ਉਪਲਬੱਧਤਾ, ਆਈ.ਸੀ.ਯੂ.ਸਹੂਲਤ ਵਿੱਚ ਸੁਧਾਰ ਸਬੰਧੀ ਵਿਸਥਾਰ ਨਾਲ ਦਸਿਆ ਗਿਆ। ਇਸ ਮੌਕੇ ਟੀਮ ਵਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਮਰੀਜ਼ਾਂ ਦੀ ਸੁਚਾਰੂ ਢੰਗ ਨਾਲ ਦੇਖ ਭਾਲ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।

ਸਾਰੰਗਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਸਭ ਮਿਲ ਕੇ ਕੰਮ ਕਰਨ।

ਸਾਰੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਚਨਬੱਧ ਹੈ ।

ਉਨਾਂ ਦੁਹਰਾਇਆ ਕਿ ਜ਼ਿਲਾ ਪ੍ਰਸ਼ਾਸਨ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਾਧਨਾਂ ਅਤੇ ਮਨੁੱਖੀ ਸ਼ਕਤੀ ਨਾਲ ਪੂਰੀ ਤਰਾਂ ਤਿਆਰ ਹੈ ਤੇ ਇਸ ਨੇਕ ਕਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਰੂਰ ਜਿੱਤਿਆ ਜਾਵੇਗਾ।

ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ, ਡਾ.ਕਸ਼ਮੀਰੀ ਲਾਲ ਅਤੇ ਹੋਰ ਵੀ ਹਾਜ਼ ਸਨ।