ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਪੰਜਾਬ ਰਾਜ ਸਿਹਤ ਵਿਭਾਗ ਰੇਡੀਓਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਤਹਿਸੀਲ ਫਗਵਾੜਾ ਦੇ ਪ੍ਰਧਾਨ ਟੇਕ ਚੰਦ ਅਤੇ ਜਨਰਲ ਸਕੱਤਰ ਸੋਮਨਾਥ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਇਕ ਵਫਦ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੂੰ ਮਿਲਿਆ ਅਤੇ ਹੱਕੀ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰਧਾਨ ਟੇਕ ਚੰਦ, ਜਨਰਲ ਸਕੱਤਰ ਸੋਮਨਾਥ ਅਤੇ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਜੱਥੇਬੰਦੀ ਵਲੋਂ 28 ਤੋਂ 30 ਜੂਨ ਤਕ 2 ਘੰਟੇ ਦੀ ਸੰਕੇਤਿਕ ਹੜਤਾਲ ਕੀਤੀ ਗਈ ਪਰ ਮੰਗਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਕਰਕੇ ਹੁਣ ਅੱਜ ਤੋਂ 7 ਜੁਲਾਈ ਤੱਕ ਤਿੰਨ ਘੰਟੇ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਲੇਕਿਨ ਐਮਰਜੇਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ ਤਾਂ ਜੋ ਲੋੜਵੰਦ ਮਰੀਜਾਂ ਦੀ ਖੱਜਲ ਖੁਆਰੀ ਨਾ ਹੋਵੇ। ਪ੍ਰਧਾਨ ਟੇਕ ਚੰਦ ਅਨੁਸਾਰ ਰੇਡੀਓਗ੍ਰਾਫਰਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਭੂਮਿਕਾ ਨਿਭਾਈ ਅਤੇ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਲੈਵਲ 2 ਅਤੇ ਲੈਵਲ 3 ਦੇ ਹਰੇਕ ਕੋਰੋਨਾ ਮਰੀਜ ਦਾ ਐਕਸ.ਰੇ. ਕੀਤਾ ਪਰ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਦੀ ਤਰ੍ਹਾਂ ਅਣਗੋਲਿਆਂ ਕੀਤਾ। ਉਹਨਾਂ ਦੱਸਿਆ ਕਿ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੂੰ ਦਿੱਤੇ ਮੰਗ ਪੱਤਰ ‘ਚ ਉਹਨਾਂ ਦੀਆਂ ਜੋ ਮੁੱਖ ਮੰਗਾਂ ਹਨ ਉਹਨਾਂ ਵਿਚ ਪੇਅ ਕਮੀਸ਼ਨ ਦੀ ਰਿਪੋਰਟ ਸੋਧ ਕੇ ਜਾਰੀ ਕਰਨਾ, ਪੁਰਾਨੀ ਪੈਨਸ਼ਨ ਸਕੀਮ ਬਹਾਲ ਕਰਨਾ, ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨਾ, 15 ਜਨਵਰੀ 2015 ਦਾ ਪੱਤਰ ਰੱਦ ਕਰਨਾ, ਕੱਚੇ ਮੁਲਾਜਮਾ ਨੂੰ ਪੱਕਾ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਤਰਜ ਪਰ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਡਿਉਟੀ ਦੌਰਾਨ ਮੌਤ ਹੋਣ ਦੀ ਸੂਰਤ ਵਿਚ ਫੈਮਿਲੀ ਪੈਨਸ਼ਨ ਦਾ ਲਾਭ ਦੇਣ ਦੀ ਮੰਗ ਸ਼ਾਮਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਪ੍ਰੀਤ ਸਿੰਘ, ਕੁਲਵਿੰਦਰ ਕੌਰ, ਮਨਪ੍ਰੀਤ ਸਿੰਘ ਆਦਿ ਵੀ ਹਾਜਰ ਸਨ।