ਜਲੰਧਰ 21 ਅਗਸਤ 2020
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ਨੇੜੇ ਬਿਰਧ ਆਸ਼ਰਮ ਵਿਖੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ ਅਤੇ ਬਜ਼ੁਰਗਾਂ ਨੂੰ ਫ਼ਲ ਅਤੇ ਮਠਿਆਈਆਂ ਵੰਡੀਆਂ ਗਈਆਂ।ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਕੱਤਰ ਇੰਦਰਦੇਵ ਸਿੰਘ ਅਪਣੀ ਟੀਮ ਸਮੇਤ ਬਿਰਧ ਆਸ਼ਰਮ ਪਹੁੰਚੇ ਅਤੇ ਇਥੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ । ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗਾਂ ਵਲੋਂ ਸਮਾਜ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਪਾਏ ਗਏ ਯੋਗਦਾਨ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਲਈ ਇਥੇ ਘਰ ਵਰਗਾ ਮਾਹੌਲ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਕਿ ਬਜ਼ੁਰਗਾਂ ਅਪਣੇ ਪਣ ਦੀ ਭਾਵਨਾ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਅਪਣੇ ਬਜ਼ੁਰਗਾਂ ਨੂੰ ਮਾਨ ਸਨਮਾਨ ਦੇਈਏ।ਇਸ ਮੌਕੇ ਕੇਕ ਕੱਟਣ ਦੀ ਰਸਮ ਵੀ ਨਿਭਾਈ ਗਈ।