ਜਲੰਧਰ : ਨੌਜਵਾਨਾਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਲਈ ਦੇਸ਼ ਦੇ ਵੱਖ-ਵੱਖ 13 ਸੂਬਿਆਂ ਦੇ ਨੌਜਵਾਨਾਂ ਵਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸ਼ੁਰੂ ਹੋਏ ਰਾਸ਼ਟਰੀ ਏਕਤਾ ਕੈਂਪ ਦੌਰਾਨ ਲੋਕ ਨਾਚ ਰਾਹੀਂ ਆਪਣੇ-ਆਪਣੇ ਸੂਬਿਆਂ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ।
ਮਿੰਨੀ ਭਾਰਤ ਬਣੇ ਲਾਇਲਪੁਰ ਖਾਲਸਾ ਕਾਲਜ ਵਿਖੇ 13 ਰਾਜਾਂ ਦੇ ਨੌਜਵਾਨਾਂ ਵਲੋਂ ‘ਏਕ ਭਾਰਤ ਸ਼ਰੇਸ਼ਠ ਭਾਰਤ’ ਵਿਸ਼ੇ ’ਤੇ ਵੱਖ-ਵੱਖ ਸੂਬਿਆਂ ਦੇ ਸਭਿਆਚਾਰਕ ਵੰਨਗੀਆਂ ਨੂੰ ਗੁਲਦਸਤੇ ਦੇ ਰੂਪ ਵਿਚ ਲੋਕ ਨਾਚ ਰਾਹੀਂ ਇਕੋ ਧਾਗੇ ਵਿੱਚ ਪਰੋਇਆ ਗਿਆ। ਕੈਂਪ ਦਾ ਉਦਘਾਟਨ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਦੇ ਸਕੱਤਰ ਉਪਮਾ ਚੌਧਰੀ, ਪੰਜਾਬ ਦੇ ਯੁਵਕ ਮਾਮਲਿਆਂ ਦੇ ਵਧੀਕ ਸਕੱਤਰ ਸੰਜੈ ਕੁਮਾਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਕੀਤਾ ਗਿਆ।
ਇਸ ਮੌਕੇ ਅਪਣੇ ਸੰਬੋਧਨ ਵਿੱਚ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਦੇ ਸਕੱਤਰ ਉਪਮਾ ਚੌਧਰੀ ਨੇ ਕਿਹਾ ਕਿ ਰਾਸ਼ਟਰੀ ਏਕਤਾ ਕੈਂਪ ਨੌਜਵਾਨਾਂ ਨੂੰ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਨੌਜਵਾਨਾਂ ਵਿੱਚ ਭੂਗੋਲਿਕ ਵਲਗਣਾ ਤੋਂ ਉਪਰ ਉਠ ਕੇ ਏਕਤਾ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਨੌਜਵਾਨਾਂ ਨੂੰ ਸਭਿਆਚਾਰਕ ਤੇ ਸਮਾਜਿਕ ਪਖੋਂ ਆਪਸੀ ਵਿਚਾਰ ਵਟਾਂਦਰਾ ਕਰਨ ਲਈ ਸਾਂਝਾ ਮੰਚ ਪ੍ਰਦਾਨ ਕਰਨ ਦੇ ਨਾਲ ਨਾਲ ਅਪਣੇ ਹਮ ਉਮਰ ਦੇ ਨੌਜਵਾਨਾਂ ਨਾਲ ਗੱਲਬਾਤ ਕਰਨ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕਰ ਰਿਹਾ ਹੈ।ਇਸ ਮੌਕੇ ਪੰਜਾਬ ਦੇ ਯੂਵਕ ਮਾਮਲਿਆਂ ਦੇ ਵਧੀਕ ਸਕੱਤਰ ਸੰਜੈ ਕੁਮਾਰ ਵਲੋਂ ਭਾਰਤ ਸਰਕਾਰ ਦਾ ਰਾਸ਼ਟਰੀ ਏਕਤਾ ਕੈਂਪ ਪੰਜਾਬ ਅਤੇ ਖਾਸ ਕਰਕੇ ਜਲੰਧਰ ਵਿਖੇ ਕਰਵਾਉਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਜਲੰਧਰ ਵਿਖੇ ਠਹਿਰਾਉ ਦੌਰਾਨ ਪੰਜਾਬ ਦੀ ਨਿੱਘੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਨ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਏਕਤਾ ਕੈਂਪ ਦੌਰਾਨ ਨੌਜਵਾਨ ਦੂਸਰੇ ਸੂਬਿਆਂ ਦੇ ਅਮੀਰ ਸਭਿਆਚਾਰ, ਵਿਰਾਸਤ,ਰੀਤੀ ਰਿਵਾਜਾਂ ਅਤੇ ਭਾਸ਼ਾਵਾਂ ਆਦਿ ਨੂੰ ਸਮਝ ਸਕਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਜਿਨਾਂ ਵਿੱਚ ਹਿਮਾਚਲ ਪ੍ਰਦੇਸ਼, ਉਤੱਰਾਖੰਡ, ਜੰਮੂ ਅਤੇ ਕਸ਼ਮੀਰ, ਉਤੱਰ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼, ਅਸਾਮ, ਹਰਿਆਣਾ, ਮਹਾ ਰਾਸ਼ਟਰਾ, ਰਾਜਸਥਾਨ, ਗੁਜਰਾਤ, ਪੰਜਾਬ ਅਤੇ ਦਿੱਲੀ ਦੇ ਨੌਜਵਾਨ ਸ਼ਾਮਿਲ ਹਨ ਦਾ ਸਵਾਗਤ ਕਰਦਿਆਂ ਗਿਆ ਕਿ ਇਸ ਕੈਂਪ ਦੌਰਾਨ 13 ਰਾਜਾਂ ਦੇ 250 ਨੌਜਵਾਨਾਂ ਸ਼ਿਰਕਤ ਕਰ ਰਹੇ ਹਨ। ਉਨ੍ਹਾ ਦੱਸਿਾ ਕਿ ਪ੍ਰਸ਼ਾਸਨ ਵਲੋਂ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ, ਉਪ ਮੰਡਲ ਮੈਜਿਸਟਰੇਟ-2 ਰਾਹੁਲ ਸਿੰਧੂ, ਡਾਇਰੈਕਟਰ ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਸਖਦੇਵ ਸਿੰਘ, ਸਕੱਤਰ ਜ਼ਿਲ੍ਹਾ ਸਭਿਆਚਾਰਕ ਅਤੇ ਸਾਹਿਤ ਕਮੇਟੀ ਕੈਪਟਨ ਇੰਦਰਜੀਤ ਸਿੰਘ ਧਾਮੀ, ਸਹਾਇਕ ਨੋਡ ਅਫ਼ਸਰ ਸਵੀਪ ਸੁਰਜੀਤ ਲਾਲ, ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੂਵਾ ਕੇਂਦਰ ਨਿਤਿਆਨੰਦ ਯਾਦਵ ਅਤੇ ਪਿ੍ਰੰਸੀਪਲ ਲਾਇਲਪੁਰ ਖਾਲਸਾ ਕਾਲਜ ਡਾ.ਗੁਰਪਿੰਦਰ ਸਿੰਘ ਸਮਰਾ ਅਤੇ ਹੋਰ ਵੀ ਹਾਜ਼ਰ ਸਨ।