ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਸੀ.ਸੀ. ਆਰਮੀ ਵਿੰਗ ਅਤੇ ਐਨ.ਸੀ.ਸੀ. ਏਅਰ ਵਿੰਗ ਦੀਆਂ ਵਿਦਿਆਰਥਣ ਕੈਡਿਟਸ ਵਲੋਂ ਇੰਡੀਅਨ ਆਰਮੀ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆਂ ਗਿਆ। ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਪ੍ਰੇਰਣਾ ਸਦਕਾ ਵਿਦਿਆਰਥਣ ਕੈਡਿਟਸ ਨੇ ਦੇਸ਼ ਦੀ ਸੁਰੱਖਿਆ ਵਿੱਚ ਤੈਨਾਤ ਜਵਾਨਾਂ ਨੂੰ ਰੱਖੜੀ ਬੰਨ ਕੇ ਪਰਿਵਾਰਕ ਅਪਣੱਤ ਦਾ ਅਹਿਸਾਸ ਕਰਵਾਇਆ। 14 ਸਿੱਖ ਬਟਾਲੀਅਨ ਦੇ ਕਰਨਲ ਰਣਵਿਜੈ ਸਿੰਘ ਨੇ ਵਿਦਿਆਰਥਣ ਕੈਡਿਟਸ ਨੂੰ ਜੀ ਆਇਆ ਨੂੰ ਆਖਿਆ ਤੇ ਕਿਹਾ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਅਸੀਂ ਪਰਿਵਾਰਕ ਮਿਲਣੀ ਕਰ ਰਹੇ ਹੋਈਏ। ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉੇਹ ਆਪਣੇ ਭਵਿੱਖ ਦੇ ਕੈਰੀਅਰ ਬਾਰੇ ਸਪਸ਼ਟ ਰੂਪ ਵਿੱਚ ਦਿਸ਼ਾ ਨਿਰਦੇਸ਼ ਤਹਿ ਕਰਨ। ਉਨ੍ਹਾਂ ਨੇ ਕੈਡਿਟਿਸ ਨੂੰ ਆਰਮੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਬੜੇ ਉਤਸ਼ਾਹ ਨਾਲ ਵਿੱਚ ਰੱਖੜੀਆਂ ਬੰਨਵਾਈਆਂ। ਹੱਥ ਨਾਲ ਬਣਾਈਆਂ ਹੋਈਆਂ ਰੱਖੜੀਆਂ ਦੀ ਜਵਾਨਾਂ ਨੇ ਬੜੀ ਤਾਰੀਫ ਕੀਤੀ। ਉਨ੍ਹਾਂ ਨੇ ਸ਼ਗਨ ਤੇ ਤੌਰ ਤੇ ਵਿਦਿਆਰਥਣਾਂ ਨੂੰ ਤੋਹਫੇ ਵੀ ਦਿੱਤੇ। ਕਰਨਲ ਰਣਵਿਜੈ ਸਿੰਘ ਨੇ ਕੈਡਿਟਸ ਨੂੰ ਵਿਦਾ ਹੋਣ ਲੱਗਿਆ 14 ਸਿੱਖ ਬਟਾਲੀਅਨ ਦੀਆਂ ਟਰਾਫੀਆਂ ਸਨਮਾਨ ਚਿੰਨ ਵਜੋਂ ਦਿੱਤੀਆਂ। ਇਸ ਸਮਾਰੋਹ ਵਿੱਚ ਐੱਨ.ਸੀ.ਸੀ. ਆਰਮੀ ਵਿੰਗ ਦੇ ਏ.ਐਨ.ੳ. ਡਾ. ਕਰਨਬੀਰ ਸਿੰਘ, ਐੱਨ.ਸੀ.ਸੀ. ਏਅਰ ਵਿੰਗ ਦੇ ਏ.ਐਨ.ੳ. ਪ੍ਰੋ. ਮਨਪ੍ਰੀਤ ਸਿੰਘ, ਸ਼ੋਸ਼ਲ ਸੈਨਸਟਾਈਜੈਸ਼ਨ ਕਲੱਬ ਦੇ ਕਨਵੀਨਰ ਪ੍ਰੋ. ਅਮਿਤਾ ਸ਼ਹੀਦ, ਕਾਮਰਸ ਵਿਭਾਗ ਤੋਂ ਪ੍ਰੋ. ਪਤਵੰਤ ਕੌਰ, ਪ੍ਰੋ. ਯੂਬੀਕ ਬੇਦੀ ਅਤੇ ਪ੍ਰੋ. ਮਨੀਸ਼ ਗੋਇਲ ਨੇ ਵੀ ਸ਼ਮੂਲੀਅਤ ਕੀਤੀ।