ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ 1 ਅਕਤੂਬਰ, 2021 ਨੂੰ ਪੂਰੇ ਭਾਰਤ ਵਿੱਚ ਸਵੱਛ ਭਾਰਤ ਅਭਿਆਨ ਚਲਾਇਆ, ਜਿਸ ਦੇ ਤਹਿਤ ਭਾਰਤ ਨੂੰ ਸਵੱਛ ਬਣਾਉਣ ਲਈ ਅਕਤੂਬਰ ਮਹੀਨੇ ਵਿੱਚ ਸਿੰਗਲ ਯੂਜ਼ ਪਲਾਸਟਿਕ ਇਕੱਠਾ ਕੀਤਾ ਜਾਵੇਗਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿਹਤਮੰਦ ਜੀਵਨ ਲਈ ਸਾਫ਼ ਅਤੇ ਪਲਾਸਟਿਕ ਮੁਕਤ ਵਾਤਾਵਰਣ ਜ਼ਰੂਰੀ ਹੈ। ਉਨ੍ਹਾਂ ਵਲੰਟੀਅਰਾਂ ਨੂੰ ਪਲਾਸਟਿਕ ਦੀ ਵਰਤੋਂ ਵਿੱਚ ਕਮੀ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਐਨ.ਐਸ.ਐਸ. ਯੂਨਿਟ ਦੇ ਚੀਫ ਪ੍ਰੋਗਰਾਮ ਅਫਸਰ ਪ੍ਰੋਫੈਸਰ ਸਤਪਾਲ ਸਿੰਘ ਨੇ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਵਲੰਟੀਅਰ ਹਮੇਸ਼ਾਂ ਵਾਤਾਵਰਣ ਨਾਲ ਸਬੰਧਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਅਤੇ ਮੈਨੇਜਮੈਂਟ ਦਾ ਵਾਤਾਵਰਣ ਅਤੇ ਸਮਾਜਕ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਯੂਨਿਟ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦਾ ਪ੍ਰਣ ਲਿਆ ਗਿਆ। ਫਿਰ, ਪੰਜਾਬ ਸਟੇਟ ਵਾਰ ਮੈਮੋਰੀਅਲ, ਜਲੰਧਰ ਤੋਂ ਲਾਇਲਪੁਰ ਖ਼ਾਲਸਾ ਕਾਲਜ ਤੱਕ ਪਲੋਗਿੰਗ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਲੰਟੀਅਰਾਂ ਨੇ ਜੌਗਿੰਗ ਕਰਦੇ ਹੋਏ ਪਲਾਸਟਿਕ ਨੂੰ ਚੁੱਕਿਆ। ਇਹ ਸਮਾਗਮ ਐਨ.ਵਾਈ.ਕੇ.ਐਸ., ਜਲੰਧਰ, ਰੈਡ ਕਰਾਸ ਅਤੇ ਨਗਰ ਨਿਗਮ, ਜਲੰਧਰ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਗਿਆ। ਇਸ ਮੁਹਿੰਮ ਦੀ ਅਗਵਾਈ ਐਨ.ਐਸ.ਐਸ. ਦੇ ਚੀਫ ਪ੍ਰੋਗਰਾਮ ਅਫਸਰ ਪ੍ਰੋਫੈਸਰ ਸਤਪਾਲ ਸਿੰਘ ਅਤੇ ਐਨ.ਵਾਈ.ਕੇ.ਐਸ. ਦੇ ਕੋਆਰਡੀਨੇਟਰ ਨਿਤਿਆਨੰਦ ਯਾਦਵ ਨੇ ਕੀਤੀ, ਜਦੋਂ ਕਿ ਰੈਡ ਕਰਾਸ ਅਤੇ ਨਗਰ ਨਿਗਮ ਦੇ ਪ੍ਰਤੀਨਿਧੀਆਂ ਅਤੇ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਆਗੂਆਂ ਮਨਿੰਦਰਜੀਤ ਸਿੰਘ, ਕਰਨਦੀਪ ਸਿੰਘ ਅਤੇ ਦਿਸ਼ਾ ਦੇ ਨਾਲ 40 ਵਲੰਟੀਅਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ।