ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਦੋ-ਰੋਜ਼ਾ ਨਾਟ-ਸੰਗੀਤ ਉਤਸਵ ਦੇ ਦੂਜੇ ਦਿਨ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ। ਜਿਸ ਦੀ ਪ੍ਰਧਾਨਗੀ ਸ੍ਰੀ ਸਤਨਾਮ ਮਾਣਕ ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ ਜਲੰਧਰ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਏ ਹੋਏ ਮਹਿਮਾਨਾਂ ਨੂੰ ਅਤੇ ਵੱਖ-ਵੱਖ ਥਾਵਾਂ ਤੋਂ ਆਏ ਰੰਗਮੰਚੀ ਕਲਾਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਸ੍ਰੀ ਸਤਨਾਮ ਮਾਣਕ ਨੇ ਬੋਲਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿਥੇ ਹਰ ਖੇਤਰ ਵਿਚ ਵਿੱਲਖਣ ਯੋਗਦਾਨ ਪਾ ਰਿਹਾ ਹੈ ਉਥੇ ਪੰਜਾਬੀ ਸਾਹਿਤ, ਸਭਿਆਚਾਰ, ਰੰਗਮੰਚ ਅਤੇ ਪੰਜਾਬ ਦੀਆਂ ਵਿਭਿੰਨ ਲੋਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾ ਕੇ ਆਪਣਾ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਅਜਿਹੇ ਕਦਮਾਂ ਲਈ ਉਹਨਾਂ ਕਾਲਜ ਦੀ ਸਮੁੱਚੀ ਗਵਰਨਿੰਗ ਕੌਂਸਿਲ ਅਤੇ ਪ੍ਰਿੰਸੀਪਲ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸਮਰਾ ਨੇ ਬੋਲਦਿਆਂ ਹੋਇਆ ਭਵਿੱਖ ਵਿਚ ਇਸ ਸੰਸਥਾ ਨੂੰ ਹੋਰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਵਚਨਬੱਧਤਾ ਦੁਹਰਾਈ। ਉਹਨਾਂ ਨੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਅਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਦੀ ਇਸ ਵਿਸ਼ੇਸ਼ ਉਦਮ ਵਿਚਲੀ ਸਾਰਥਕ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸੁਰੂਆਤ ਸਾਰਥਕ ਰੰਗਮੰਚ ਪਟਿਆਲਾ ਦੇ ਨਾਟਕ ‘ਤਲਾਕ’ ਨਾਲ ਹੋਈ ਜਿਸਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ। ਇਸ ਉਪਰੰਤ ਮਲਵਈ ਨਚਾਰਾਂ ਦੇ ਗਿੱਧੇ ਦੀ ਪੇਸ਼ਕਾਰੀ ਹੋਈ ਜਿਸ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਬਾਅਦ ਸੂਫ਼ੀ ਗਾਇਕ ਗੁਰਪ੍ਰੀਤ ਵਾਰਿਸ ਨੇ ਸੂਫ਼ੀ ਗਾਇਕ ਨਾਲ ਹਾਜ਼ਰੀ ਲਗਵਾਈ। ਪ੍ਰੋਗਰਾਮ ਦੇ ਅਖੀਰ ਵਿਚ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਆਏ ਹੋਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕਰਦਿਆਂ ਡਾ. ਬੁੱਟਰ ਨੇ ਉਨ੍ਹਾਂ ਦੀ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਕਲਾ ਪ੍ਰਤੀ ਸੁਹਿਰਦਤਾ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ। ਸਮੁੱਚੇ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਜਿੰਦਰ ਸਿੰਘ ਸੇਖੋਂ ਨੇ ਨਿਭਾਈ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਸ਼ਾਮਿਲ ਹੋਏ