ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬਾਟਨੀ, ਜੂਆਲੋਜੀ, ਬਾਇਓਟੈਕ, ਇਨਵਾਇਰਮੈਂਟ ਸਟੱਡੀਜ਼, ਯੂਥ ਕਲੱਬ, ਐਨ.ਸੀ.ਸੀ ਅਤੇ ਐਨ.ਐਸ.ਐਸ ਵਿਭਾਗਾਂ ਦੁਆਰਾ ਕਾਲਜ ਵਿਖੇ ਸਾਂਝੇ ਤੌਰ ਤੇ ਪਰਾਲੀ ਸੰਭਾਲ ਮੈਨੇਜਮੈਂਟ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਸ. ਕੁਲਵੰਤ ਸਿੰਘ, ਆਈ.ਏ ਐਸ. ਏ.ਡੀ.ਸੀ. ਡਿਵੈਲਪਮੈਂਟ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਮੁੱਖ ਵਕਤਾ ਵਜੋਂ ਡਾ. ਗੁਰਸਾਹਿਬ ਸਿੰਘ, ਐਡੀਸ਼ਨਲ ਡਾਇਰੈਕਟਰ ਰਿਸਰਚ, ਫਾਰਮ ਮੈਕੇਨਾਈਜੇਸ਼ਨ ਐਂਡ ਬਾਇਓ ਐਨਰਜੀ, ਪੀ.ਏ.ਯੂ ਲੁਧਿਆਣਾ, ਡਾ. ਰਾਜੀਵ ਕੁਮਾਰ ਗੁਪਤਾ, ਸੀਨੀਅਰ ਸੌਇਲ ਕੈਮਿਸਟ, ਸੌਇਲ ਸਾਇੰਸ ਵਿਭਾਗ ਪੀ.ਏ.ਯੂ ਲੁਧਿਆਣਾ ਅਤੇ ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਗਗਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਮੁੱਖ ਵਕਤਿਆਂ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਦੀ ਪ੍ਰਕਿਰਿਆ ਅਜੋਕੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਜਾਗਰੂਕਤਾ ਦੀ ਘਾਟ ਕਾਰਨ ਇਸ ਨਾਲ ਵਾਤਾਵਰਨ ਨੂੰ ਕਾਫੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਉਨਾਂ ਕਿਹਾ ਕਿ ਵਿਦਵਾਨ ਪ੍ਰੋਫੈਸ਼ਰ ਸਾਹਿਬਾਨ ਦੀ ਖੋਜ ਅਤੇ ਲੈਕਚਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਬੋਲਦੇ ਹੋਏ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਉੱਤੇ ਜ਼ੋਰ ਦਿੱਤਾ ਅਤੇ ਵਿਗਿਆਨਕ ਖੇਤਰ ਦੀ ਨਵੀਨਤਮ ਖੋਜ ‘ਨੈਨੋਰੋਬੋਟਸ’ ਦੇ ਪ੍ਰਯੋਗ ਦੀ ਮਹੱਤਤਾ ਸਮਝਾਈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਕਾਫ਼ੀ ਸਾਰਥਕ ਸਾਬਤ ਹੋਣਗੇ। ਸੈਮੀਨਾਰ ਵਿੱਚ ਵਿਦਵਾਨ ਪ੍ਰੋਫੈਸਰ ਬੁਲਾਰਿਆਂ ਨੇ ਵਾਤਾਵਰਨ ਬਚਾਉਣ ਲਈ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇੱਕ ਹੈਕਟੇਅਰ ਪਰਾਲੀ ਸਾੜਨ ਨਾਲ ਅਸੀਂ ਔਸਤਨ 1950 ਰੁਪਏ ਦੇ ਧਰਤੀ ਦੇ ਖਣਿਜ ਦਾ ਨੁਕਸਾਨ ਕਰ ਦਿੰਦੇ ਹਾਂ ਅਤੇ ਇਸਦੇ ਬਦਲੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਸਾਨੂੰ ਵੱਧ ਖਾਦ ਵੀ ਪਾਉਣੀ ਪੈਂਦੀ ਹੈ। ਇਸ ਨਾਲ ਜਿੱਥੇ ਅਸੀਂ ਧਰਤੀ ਅਤੇ ਵਾਤਾਵਰਨ ਦਾ ਨੁਕਸਾਨ ਕਰਦੇ ਹਾਂ ਉੱਥੇ ਪੈਸੇ ਪੱਖੋਂ ਵੀ ਨੁਕਸਾਨ ਉਠਾਉਂਦੇ ਹਾਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਤਿਆਰ ਕੀਤੀਆਂ ਆਧੁਨਿਕ ਮਸ਼ੀਨਾਂ ਜਿਵੇਂ ਹੈਪੀ ਸੀਡਰ, ਮਲਚਿੰਗ ਮਸ਼ੀਨ ਸੰਬੰਧੀ ਵੀ ਜਾਣਕਾਰੀ ਦਿੱਤੀ। ਉਹਨਾਂ ਪਰਾਲੀ ਸਾੜਨ ਦੇ ਸਹੀ ਤਰੀਕੇ ਅਤੇ ਪਰਾਲੀਚਾਰ ਤਕਨੀਕ ਸੰਬੰਧੀ ਜਾਣਕਾਰੀ ਵੀ ਦਿੱਤੀ। ਸੈਮੀਨਾਰ ਵਿੱਚ ਸ਼ਾਮਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਦਵਾਨਾਂ ਕੋਲੋਂ ਪਰਾਲੀ ਸੰਭਾਲ ਮੈਨੇਜਮੈਂਟ ਸੰਬੰਧੀ ਸਵਾਲ ਵੀ ਪੁੱਛੇ, ਜਿਨਾਂ ਦੇ ਵਿਦਵਾਨ ਪ੍ਰੋਫੈਸਰ ਸਾਹਿਬਾਨ ਵਲੋਂ ਜਵਾਬ ਦਿੱਤੇ ਗਏ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਤਰਸੇਮ ਸਿੰਘ ਕੋਆਰਡੀਨੇਟਰ ਐਨ.ਐਸ.ਐਸ, ਡਾ. ਜਸਵਿੰਦਰ ਕੌਰ, ਡਾ. ਗੀਤਾਂਜਲੀ ਮੋਦਗਿਲ, ਡਾ. ਉਪਮਾ ਅਰੌੜਾ, ਡਾ. ਹੇਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਗੁਰਜਿੰਦਰ ਕੌਰ , ਪ੍ਰੋ. ਦੇਵਿਕਾ ਗਾਂਧੀ ਅਤੇ ਕਾਲਜ ਦੇ ਹੋਰ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਵੀ ਹਾਜ਼ਰ ਸਨ।