ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ ਇਕ ਰੋਜ਼ਾ ਕੈਂਪ ਤਹਿਤ ਕਾਲਜ ਵਿਚ ‘ਪਰਾਲੀ ਸਾੜਨ ਵਿਰੁੱਧ’ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਨੂੰ ਹਰ ਸਮਾਜਿਕ ਮੁੱਦੇ ਤੇ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਇਸ ਰੈਲੀ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਰੈਲੀ ਦੀ ਸ਼ੁਰੂਆਤ ਪ੍ਰਿੰਸੀਪਲ ਦਫ਼ਤਰ ਤੋਂ ਵਿਦਿਆਰਥੀਆਂ ਨੇ ‘ਪਰਾਲੀ ਨਾ ਸਾੜਨ’ ਦੇ ਨਾਹਰਿਆਂ ਨਾਲ ਕੀਤੀ। ਇਸ ਤੋਂ ਬਾਅਦ ਐਨ.ਐਸ.ਐਸ. ਵਲੰਟੀਅਰਾਂ ਨੇ ਜਲੰਧਰ ਦੇ ਪਿੰਡਾਂ ਬੋਲੀਨਾ ਦੋਆਬਾ, ਜੌਹਲਾਂ, ਬੇਗਮਪੁਰਾ, ਜੇਤੋਵਾਲੀ, ਢੱਡੇ, ਚੋਹਕਾਂ ਅਤੇ ਭੋਜੋਵਾਲ ਵਿਚ ਜਾ ਕੇ ਪਰਾਲੀ ਨਾ ਸਾੜਣ ਦੇ ਨਾਹਰੇ ਲਗਾਉਂਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਜੋ ਕਿ ਅੱਜ ਵਿਸ਼ਵ ਪੱਧਰੀ ਮੁੱਦਾ ਬਣਿਆ ਹੋਇਆ ਹੈ। ਉਹਨਾਂ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਇਸ ਦੇ ਬਦਲ ਲਈ ਖੇਤੀਬਾੜੀ ਤਕਨੀਕਾਂ ਨਾਲ ਜੁੜਨ ਲਈ ਪ੍ਰੇਰਿਆ। ਇਸ ਰੈਲੀ ਦਾ ਸਫ਼ਲ ਪ੍ਰਬੰਧ ਐਨ.ਐਸ.ਐਸ. ਦੇ ਕੋ-ਆਰਡੀਨੇਟਰ ਡਾ. ਤਰਸੇਮ ਸਿੰਘ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਅਮਨਦੀਪ ਕੌਰ, ਡਾ. ਪ੍ਰਿਯਾਂਕ ਸ਼ਾਰਧਾ, ਡਾ. ਨਵਨੀਤ ਅਰੌੜਾ ਅਤੇ ਪ੍ਰੋ. ਸਤਪਾਲ ਸਿੰਘ ਦੀ ਅਗਵਾਈ ਅਧੀਨ ਕੀਤਾ ਗਿਆ। ਇਸ ਮੌਕੇ ਪ੍ਰੋ. ਪ੍ਰਭਦਿਆਲ ਅਤੇ ਪ੍ਰੋ. ਪਲਵਿੰਦਰ ਸਿੰਘ ਵੀ ਮੌਜ਼ੂਦ ਸਨ।