ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ, ਖੇਡਾਂ, ਕਲਚਰਲ, ਸਹਿਤਕ ਅਤੇ ਖੋਜ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਪ੍ਰਕਿਰਤੀ ਦੀ ਸਾਂਭ-ਸੰਭਾਲ ਤੇ ਸਜਾਵਟ ਦੇ ਖੇਤਰ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦਾ ਹੋਇਆ ਪ੍ਰਾਪਤੀਆਂ ਕਰ ਰਿਹਾ ਹੈ। ਇਸੇ ਲੜ੍ਹੀ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਮੌਕੇ ਲਗਾਈ ਗਈ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਪ੍ਰਦਰਸ਼ਨੀ ਵਿੱਚ ਕਾਲਜ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਦੀ ਓਵਰਆਲ ਫਲਾਵਰਸ਼ੋਅ ਚੈਂਪੀਅਨ ਜਿੱਤ ਕੇ ਰਿਕਾਰਡ ਕਾਇਮ ਕੀਤਾ। ਕਾਲਜ ਵਿਖੇ ਇਸ ਸੰਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਗਵਰਨਿੰਗ ਕੌਂਸਿਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਸਮਰਾ, ਡਾ. ਐਸ.ਐਸ.ਬੈਂਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਕਾਲਜ ਵਾਤਾਵਰਨ ਦੀ ਸੰਭਾਲ ਤੇ ਸੁੰਦਰੀਕਰਨ ਲਈ ਨਿਰੰਤਰ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਜਿੱਤਣਾ ਕਾਲਜ ਦੀ ਵਾਤਾਵਰਨ ਤੇ ਸਮਾਜ ਪ੍ਰਤੀ ਪ੍ਰਤੀਬੱਧਤਾ ਦਾ ਨਤੀਜਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਨੇ ਕੁੱਲ 24 ਪ੍ਰਕਾਰ ਦੇ ਵੱਖ-ਵੱਖ ਫੁੱਲਾਂ ਅਤੇ ਰੰਗੋਲੀ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਸੀ ਜਿਸ ਵਿੱਚੋ ਕਾਲਜ ਨੇ ਨੋਂ ਵਿੱਚ ਪਹਿਲਾ ਸਥਾਨ ਅਤੇ 10 ਵਿੱਚ ਦੂਜਾ ਸਥਾਨ ਹਾਸਲ ਕਰਕੇ ਇਹ ਓਵਰਆਲ ਚੈਂਪੀਅਨਸ਼ਿਪ ਜਿੱਤੀ। ਉਨਾਂ ਦੱਸਿਆ ਕਿ ਕਾਲਜ ਨੇ ਜਿਨ੍ਹਾਂ ਫਲਾਵਰ ਕੈਟੇਗਰੀਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਉਹ ਹਨ:- ਮੈਰੀਗੋਲਡ ਫਲਾਵਰ, ਅਸਪੈਰਾਗਸ, ਡਾਈਫ਼ਨ ਬੇਸ਼ੀਆ, ਫਿਕੱਸ ਸਪ:, ਓਰਨਾਮੈਂਟਲ ਫਲਾਵਰਜ਼, ਕੈਕਟੀ ਗ੍ਰਾਫਟਡ, ਸਕਿਊਲੈਟੇਸ, ਰੰਗੋਲੀ। ਇਸੇ ਤਰਾਂ ਕਸਿਸੰਥੇਮਮਸ, ਗਰੁੱਪ ਡਿਸਪਲੇ ਕਸਿਸੰਥੇਮਮਸ, ਅਗਲੌਨੇਮਾ, ਕੋਲਅਸ, ਕੋ੍ਰੋਟੋਨਸ, ਫਰਮਸ, ਪਾਲਮਸ, ਮੋਨਸਟੇਰਾ ਪਲਾਂਟਸ, ਬੋਨਸਾਇ ਪਲਾਂਟਸ, ਫਲਾਵਰ ਰੰਗੋਲੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਡਾ. ਸਮਰਾ ਨੇ ਕਿਹਾ ਕਿ ਕਾਲਜ ਨੇ ਪਿਛਲੇ ਸਾਲ 2018 ਵਿੱਚ ਵੀ ਯੂਨੀਵਰਸਿਟੀ ਦੀ ਫਲਾਵਰ ਚੈਂਪੀਅਨਸਿਪ ਜਿੱਤੀ ਸੀ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਾਤਾਵਰਣ ਦੀ ਸੰਭਾਲ ਅਤੇ ਸੁੱਰਖਿਆ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਉਨਾਂ ਕਿਹਾ ਕਿ ਇਸ ਵਾਸਤੇ ਕਾਲਜ ਵਿੱਚ ਵੱਖ-ਵੱਖ ਸਮੇਂ ’ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਾਲਜ ਦੇ ਸੁੰਦਰੀਕਰਨ ਲਈ ਬਹੁਤ ਸਾਰੀਆਂ ਕਿਸਮਾਂ ਦੇ ਪੌਦੇ, ਫੁੱਲ, ਆਦਿ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੀ ਧਰਤੀ ਨੂੰ ਲਗਪਗ 500 ਕਰੋੜ ਦਰੱਖਤਾਂ ਦੀ ਲੋੜ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਹਨਾਂ ਇਸ ਮੌਕੇ ਫਲਾਵਰ ਪ੍ਰਦਰਸ਼ਨੀ ਦੀ ਤਿਆਰੀ ਕਰਨ ਵਾਲੇ ਅਧਿਆਪਕਾਂ ਅਤੇ ਮਾਲੀਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਗਗਨਦੀਪ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਗੀਤਾਂਜਲੀ ਮੋਦਗਿਲ, ਪ੍ਰੋ. ਉਪਮਾ ਅਰੌੜਾ, ਪ੍ਰੋ. ਅਜੀਤਪਾਲ ਸਿੰਘ, ਵਿਦਿਆਰਥੀ ਅਤੇ ਕਾਲਜ ਦੇ ਮਾਲੀ ਵੀ ਹਾਜ਼ਰ ਸਨ।