ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਉੱਥੇ ਸਮਾਜ ਵਿੱਚ ਚੇਤਨਤਾ ਪੈਦਾ ਕਰਨ ਲਈ ਵੱਖ-ਵੱਖ ਸਮੇਂ ਤੇ ਵਿਸ਼ੇਸ ਲੈਕਚਰ ਆਯੋਜਿਤ ਕਰਦਾ ਰਹਿੰਦਾ ਹੈ। ਇਸੇ ਤਹਿਤ ਅੱਜ ‘ਇੰਟੈਕਚੁਅਲ ਪ੍ਰਾਪਰਟੀ ਰਾਈਟ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਡਾ. ਵਨੀਤਾ ਖੰਨਾ ਸਹਾਇਕ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ ਜਲੰਧਰ ਬਤੌਰ ਮੁੱਖ ਵਕਤਾ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਵਕਤਾ ਡਾ. ਵਨੀਤਾ ਖੰਨਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ। ਡਾ. ਸਮਰਾ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਅਜਿਹੀ ਜਾਣਕਾਰੀ ਭਰਪੂਰ ਲੈਕਚਰ ਸਮੇਂ-ਸਮੇਂ ਕਰਵਾਉਂਦਾ ਰਹਿੰਦਾ ਹੈ। ਅਜਿਹੇ ਲੈਕਚਰ ਜਿਹੜੇ ਸਮਾਜ ਵਿੱਚ ਚੇਤਨਤਾ ਪੈਦਾ ਕਰਦੇ ਹਨ ਉਸ ਲਈ ਸਾਡੀ ਸੰਸਥਾ ਹਮੇਸ਼ਾ ਪ੍ਰਤੀਬੱਧ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇੰਟੈਕਚੁਅਲ ਪ੍ਰਾਪਰਟੀ ਰਾਈਟ ਵਿਸ਼ੇ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪੇਟੈਂਟ, ਕਾਪੀ ਰਾਈਟ ਅਤੇ ਟ੍ਰੇਡ ਮਾਰਕ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ। ਪੇਟੈਂਟ ਕਰਨ ਦੀ ਵਿਧੀ ਅਤੇ ਆਈ.ਪੀ.ਆਰ. ਨਾਲ ਸੰਬਧਤ ਵੱਖ-ਵੱਖ ਕਾਨੂੰਨੀ ਪ੍ਰਕਿਰਿਆ ਆਦਿ ਬਾਰੇ ਚਾਨਣਾ ਪਾਇਆ। ਇਸ ਲੈਕਚਰ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨਾਂ ਨੇ ਭਾਗ ਲਿਆ। ਕੋਆਰਡੀਨੇਟਰ ਡਾ. ਬਲਦੇਵ ਸਿੰਘ ਨੇ ਆਏ ਹੋਏ ਮੁੱਖ ਵਕਤਾ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ. ਦਲਜੀਤ ਕੌਰ ਨੇ ਨਿਭਾਈ।