ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ, ਕਲਚਰਲ, ਖੇਡਾਂ, ਸਾਹਿਤਕ ਅਤੇ
ਖੋਜ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਇਸ ਸੰਸਥਾ ਨੇ ਸਮਾਜ ਅਤੇ
ਦੇਸ਼ ਨੂੰ ਉੱਚ ਕੋਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਅਧਿਆਪਕ ਦਿੱਤੇ ਹਨ। ਵਿਦਿਆਰਥੀ ਹਰ ਸਾਲ
ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਮੈਰਿਟ ਵਿੱਚ ਵੀ ਆਉਂਦੇ ਹਨ। ਪ੍ਰਾਪਤੀਆਂ ਦੇ ਇਸ
ਸਫ਼ਰ ਨੂੰ ਜਾਰੀ ਰੱਖਦਿਆਂ ਐਮ.ਏ. ਪੰਜਾਬੀ, ਸਮੈਸਟਰ ਤੀਜਾ ਦੀ ਵਿਦਿਆਰਥਣ ਪ੍ਰੀਤੀ ਨੇ
ਯੂ.ਜੀ.ਸੀ/ਨੈੱਟ ਟੈਸਟ ਪਾਸ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ
ਸਿੰਘ ਸਮਰਾ ਨੇ ਵਿਦਿਆਰਥਣ ਪ੍ਰੀਤੀ ਅਤੇ ਡਾ. ਗੋਪਾਲ ਸਿੰਘ ਬੁੱਟਰ ਮੁੱਖੀ ਵਿਭਾਗ ਨੂੰ ਇਸ
ਪ੍ਰਾਪਤੀ ਲਈ ਵਧਾਈ ਦਿੱਤੀ। ਡਾ. ਸਮਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਮ.ਏ. ਪੰਜਾਬੀ
ਦੇ ਤੀਜੇ ਸਮੈਸਟਰ ਵਿੱਚ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਪ੍ਰੀਤੀ ਨੇ ਨਵੰਬਰ 2020 ਵਿੱਚ ਐਨ.ਟੀ.ਏ.
ਦੁਆਰਾ ਲਈ ਯੂ.ਜੀ.ਸੀ/ਨੈੱਟ ਦੀ ਪ੍ਰੀਖਿਆ ਵਿੱਚ ਲੈਕਚਰਸ਼ਿਪ ਲਈ ਯੋਗਤਾ ਹਾਸਲ ਕੀਤੀ ਹੈ। ਉਨ੍ਹਾਂ
ਕਿਹਾ ਕਿ ਬਹੁਤ ਘੱਟ ਵਿਦਿਆਰਥੀ ਹੁੰਦੇ ਹਨ, ਜੋ ਆਪਣੀ ਪੜ੍ਹਾਈ ਦੌਰਾਨ ਹੀ ਅਜਿਹੇ ਉੱਚੇਰੀ
ਯੋਗਤਾ ਵਾਲੇ ਟੈਸਟ ਪਾਸ ਕਰ ਲੈਂਦੇ ਹਨ। ਉਨ੍ਹਾਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ
ਸਿੰਘ ਬੁੱਟਰ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਹਨਾਂ ਇਸ ਮੌਕੇ
ਵਿਦਿਆਰਥਣ ਪ੍ਰੀਤੀ ਨੂੰ ਜੀਵਨ ਵਿੱਚ ਹੋਰ ਉੱਚ ਪ੍ਰਾਪਤੀਆਂ ਕਰਦੇ ਹੋਏ ਖੋਜ ਦੇ ਖੇਤਰ ਵਿੱਚ
ਨਿਵੇਕਲੀ ਥਾਂ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਸੁਰਿੰਦਰਪਾਲ
ਮੰਡ ਅਤੇ ਡਾ. ਹਰਜਿੰਦਰ ਸਿੰਘ ਸੇਖੋਂ ਵੀ ਹਾਜ਼ਰ ਸਨ।