ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਵਿਦਿਆਰਥਣ ਬੰਦਨਾ ਨੋਟਿਆਲ ਨੇ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਸੰਬੰਧੀ ਕਰਵਾਏ ਗਏ ਇੰਟਰ-ਕਾਲਜ ਆਨਲਾਇਨ ਕੁਇਜ਼ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਵੱਖ-ਵੱਖ ਕਾਲਜਾਂ ਦੇ 72 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਉਸ ਨੂੰ ਅਗਾਂਹ ਵੀ ਅਜਿਹੇ ਉਪਰਾਲੇ ਜਾਰੀ ਰਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਪ੍ਰਦੂਸ਼ਣ ਤੋਂ ਰਹਿਤ ਵਾਤਾਵਰਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆਂ ’ਤੇ ਮਾਣ ਹੈ, ਜੋ ਪਾਠ ਸਹਾਇਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਕਰਦੇ ਹੋਏ ਜਿੱਥੇ ਆਪਣੀ ਸ਼ਖਸੀਅਤ ਦਾ ਵਿਕਾਸ ਕਰਦੇ ਹਨ, ਉਥੇ ਕਾਲਜ ਦਾ ਵੀ ਨਾਂ ਰੌਸ਼ਨ ਕਰਦੇ ਹਨ। ਕਾਲਜ ਦੇ ਕੁਇਜ਼ ਟੀਮ ਦੇ ਇੰਚਾਰਜ, ਪ੍ਰੋ. ਆਹ¨ਜਾ ਸੰਦੀਪ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮੁਖ ਵਿਸ਼ਾ ਇਕੋਸਿਸਟਮ ਰੇਸਟੋਰੇਸ਼ਨ ਸੀ। ਇਸ ਪ੍ਰਤੀਯੋਗਤਾ ਵਿਚ ਵਾਤਾਵਰਨ ਨਾਲ ਸੰਬੰਧਿਤ ਵਿਦਿਆਰਥੀਆਂ ਕੋਲੋਂ ਸਵਾਲ ਪੁੱਛੇ ਗਏ ਸਨ। ਉਨ੍ਹਾਂ ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਦਿੱਤੇ ਭਰਪੂਰ ਸਮਰਥਨ ਬਦਲੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਾ. ਐਸ.ਐਸ. ਬੈਂਸ ਡੀਨ ਸਪੋਰਟਸ ਵੀ ਹਾਜ਼ਰ ਸਨ।