ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਾਲਾਨਾ ਦੋ ਰੋਜ਼ਾ ਸਿਰਜਨਾਤਮਕ ਲੇਖਣੀ ਵਰਕਸ਼ਾਪ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਅਹਿਦ ਅਤੇ ਨਰੋਆ ਸਾਹਿਤ ਸਿਰਜਣ ਦਾ ਹੋਕਾ ਦਿੰਦਿਆਂ ਸੰਪੰਨ ਹੋਈ। ਇਸ ਦੋ ਰੋਜ਼ਾ ਵਰਕਸ਼ਾਪ ਦੇ ਪਹਿਲੇ ਦਿਨ ਸੁਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਡਾ. ਪਾਲੀ ਭੁਪਿੰਦਰ ਸਿੰਘ ਮੁੱਖ ਵਕਤਾ ਵਜੋਂ ਸ਼ਾਮਲ ਹੋਏ, ਜਦਕਿ ਉੱਘੀ ਪਰਵਾਸੀ ਸਾਹਿਤਕਾਰਾ ਬਲਬੀਰ ਕੌਰ ਸੰਘੇੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਅਤੇ ਡਾ. ਸੁਰਿੰਦਰਪਾਲ ਮੰਡ ਕੋਆਰਡੀਨੇਟਰ ਵਰਕਸ਼ਾਪ ਨੇ ਗੁਲਦਸਤੇ ਦੇ ਕੇ ਕੀਤਾ। ਸੁਆਗਤੀ ਸ਼ਬਦ ਬੋਲਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸੂਚਨਾ ਟੈਕਨਾਲੋਜੀ ਅਤੇ ਮੀਡੀਆ ਦੇ ਯੁੱਗ ਵਿਚ ਜਿੱਥੇ ਵਿਦਿਆਰਥੀ ਪ੍ਰੋਫੈਸ਼ਨਲ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਯੁੱਗ ਬਦਲ ਰਹੇ ਹਨ, ਉੱਥੇ ਜੀਵਨ ਜਾਚ ਸਿੱਖਣ ਸਿਖਾਉਣ ਲਈ ਸਾਹਿਤ ਦੀ ਵੱਡੀ ਭੂਮਿਕਾ ਹੈ। ਇਸ ਲਈ ਅਜਿਹੀਆਂ ਸਿਰਜਨਾਤਮਕ ਲੇਖਣੀ ਵਰਕਸ਼ਾਪਾਂ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸੁਚੱਜਾ ਜੀਵਨ ਜਿਉਣ ਦੀ ਕਲਾ ਸਿਖਾਉਂਦਾ ਹੈ। ਸਾਹਿਤ ਤੇ ਜੀਵਨ ਇਕ ਦੂਜੇ ਦੇ ਪੂਰਕ ਹਨ ਇਸ ਲਈ ਵਿਦਿਆਰਥੀਆਂ ਨੂੰ ਸਾਹਿਤ ਸਿਰਜਣ ਦੀ ਕਲਾ ਸਿੱਖਣੀ ਚਾਹੀਦੀ ਹੈ। ਉਨ੍ਹਾਂ ਨਵੇਂ ਸਾਹਿਤ ਜਗਿਆਸੂ ਵਿਦਿਆਰਥੀ ਸਾਹਿਤਕਾਰਾਂ ਨੂੰ ਬੁਲਾਰੇ ਵਿਦਵਾਨਾਂ ਦੇ ਵਿਚਾਰਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਵਰਕਸ਼ਾਪ ਦੇ ਕੋਅਰਡੀਨੇਟਰ ਡਾ. ਸੁਰਿੰਦਰਪਾਲ ਮੰਡ ਨੇ ਵਰਕਸ਼ਾਪ ਦੌਰਾਨ ਦੋਵੇਂ ਦਿਨਾਂ ਦੇ ਪ੍ਰੋਗਰਾਮ ਦੀ ਰੂਪਰੇਖਾ ਪ੍ਰਸਤੁਤ ਕੀਤੀ। ਮੁੱਖ ਵਕਤਾ ਡਾ. ਪਾਲੀ ਭੁਪਿੰਦਰ ਸਿੰਘ ਨੇ ਸਾਹਿਤ ਸਿਰਜਣ ਸੰਬੰਧੀ ਗੰਭੀਰ ਨੁਕਤਿਆਂ ਸੰਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਸਾਹਿਤ ਸਿਰਜਣਾ ਨੂੰ ਇਲਹਾਮ ਦੀ ਬਜਾਏ ਜੀਵਨ ਅਨੁਭਵ ’ਚੋਂ ਪੈਦਾ ਹੋਈ ਕਿਰਤ ਦੱਸਿਆ। ਉਨ੍ਹਾਂ ਕਿਹਾ ਕਿ ਮੂਕ ਹੋਏ ਸੁਣਨ ਦੀ ਬਜਾਏ ਸੰਵਾਦ ਰਚਾਉਣਾ ਚਾਹੀਦਾ ਹੈ, ਇਸੇ ਵਿਚੋਂ ਹੀ ਸਿਰਜਨਾਤਮਕ ਸਾਹਿਤ ਦੀ ਉਤਪਤੀ ਹੁੰਦੀ ਹੈ। ਪ੍ਰਵਾਸੀ ਲੇਖਿਕਾ ਬਲਬੀਰ ਕੌਰ ਸੰਘੇੜਾ ਨੇ ਪਰਵਾਸੀ ਸਾਹਿਤ ਅਤੇ ਜੀਵਨ ਅਨੁਭਵ ਸੰਬੰਧੀ ਮੁੱਲਵਾਨ ਵਿਚਾਰ ਪੇਸ਼ ਕੀਤੇ।

ਵਰਕਸ਼ਾਪ ਦੇ ਦੂਜੇ ਤੇ ਅੰਤਮ ਦਿਨ ਉੱਘੇ ਨਾਟਕ ਵਿਧਾ ਦੇ ਵਿਦਵਾਨ ਡਾ. ਸਤਨਾਮ ਸਿੰਘ ਜੱਸਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਸਮਰਾ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਡਾ. ਜੱਸਲ ਨੇ ਨਾਟਕ ਸਾਹਿਤ ਅਤੇ ਨਾਟ ਆਲੋਚਨਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਹਿਤਕ ਆਲੋਚਨਾ ਕਰਨਾ ਵੀ ਆਪਣੇ ਆਪ ਵਿਚ ਸਿਰਜਨਾਤਮਕ ਲੇਖਣੀ ਹੁੰਦੀ ਹੈ। ਇਹ ਦੁਹਰਾਇਆ ਕਿ ਸਾਹਿਤ ਸਿਰਜਣਾ ਇਲਹਾਮ ਨਾ ਹੋ ਕੇ ਮਨੁੱਖੀ ਮਨ ਦੇ ਅਵਚੇਤਨ ਵਿਚ ਸਮੋਏ ਜੀਵਨ ਅਨੁਭਵ ਦਾ ਪ੍ਰਗਟਾਵਾ ਹੈ। ਇਸ ਉਪਰੰਤ ਵਿਦਿਆਰਥੀਆਂ ਵਿਚਕਾਰ ਸਾਹਿਤ ਸਿਰਜਨ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਕਵਿਤਾ, ਕਹਾਣੀ ਲੇਖ ਆਦਿ ਲਿਖ ਕੇ ਆਪਣੇ ਅਨੁਭਵ ਸਾਂਝੇ ਕੀਤੇ। ਸਮਾਗਮ ਦੇ ਅਖੀਰ ਵਿਚ ਡਾ. ਗੋਪਾਲ ਸਿੰਘ ਬੁੱਟਰ, ਮੁਖੀ ਪੰਜਾਬੀ ਵਿਭਾਗ ਨੇ ਆਏ ਵਕਤਿਆਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਵਰਕਸ਼ਾਪ ਵਿਚ ਵਿਭਾਗ ਦੇ ਪ੍ਰੋ. ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਕੁਲਦੀਪ ਸੋਢੀ, ਪ੍ਰੋ. ਗੁਲਜ਼ਾਰ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੁਖਰਾਜ ਕੌਰ, ਪ੍ਰੋ. ਗੁਰਬੀਰ ਸਿੰਘ, ਪ੍ਰੋ. ਸਲਿੰਦਰ ਸਿੰਘ, ਪ੍ਰੋ. ਸੋਨੂੰ, ਪ੍ਰੋ. ਗੁਰਜੀਤ ਖੋਸਾ, ਪ੍ਰੋ. ਅਰਿੰਦਰ ਸਿੰਘ ਤੋਂ ਇਲਾਵਾ ਪੋਲੀਟੀਕਲ ਸਾਇੰਸ ਵਿਭਾਗ ਦੇ ਡਾ. ਅਜੀਤਪਾਲ ਸਿੰਘ ਵੀ ਹਾਜ਼ਰ ਸਨ।