ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ, ਕਲਚਰਲ, ਖੋਜ ਤੇ ਸਾਹਿਤਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਇਸੇ ਲੜੀ ਵਿੱਚ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਦਿਆਂ ਕਾਲਜ ਦੇ ਵਿਦਿਆਰਥੀ ਗੁਰਿੰਦਰਬੀਰ ਸਿੰਘ ਨੇ ਪਟਿਆਲਾ ਵਿਖੇ ਹੋਈ 24ਵੀਂ ਨੈਸ਼ਨਲ ਫੈਡਰੇਸ਼ਨ ਕੈਂਪ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆ 100 ਮੀਟਰ ਦੌੜ 10.32 ਸੈਂਕਿੰਡ ਵਿੱਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀ ਖਿਡਾਰੀ ਨੂੰ ਕਾਲਜ ਵਿਖੇ ਪਹੁੰਚਣ ’ਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਵੱਲੋਂ ਵਧਾਈ ਸੰਦੇਸ਼ ਵੀ ਦਿੱਤਾ। ਇਸ ਮੌਕੇ ਪ੍ਰਿੰਸੀਪਲ ਸਮਰਾ ਨੇ ਬੋਲਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਵਿੱਚ ਵੀ ਸਰਕਾਰ ਦੁਆਰਾ ਜਾਰੀ ਹਦਾਇਤਾ ਦੀ ਪਾਲਣਾ ਕਰਦਿਆਂ ਵਿਦਿਆਰਥੀ ਦੁਆਰਾ ਗਰਾਉਂਡ ਵਿੱਚ ਪ੍ਰੈਕਟਿਸ ਜਾਰੀ ਰੱਖੀ ਗਈ। ਜਿਸ ਦੇ ਸਦਕਾ ਗੁਰਿੰਦਰਬੀਰ ਸਿੰਘ ਨੇ ਚੈਂਪੀਅਨਸ਼ਿਪ ਵਿੱਚ 10.32 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸਨੂੰ ਇਸ ਸਾਲ ਦਾ ਰਾਸ਼ਟਰੀ ਤੇਜ਼ ਦੌੜਾਕ ਘੋਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਵਿਦਿਆਰਥੀ ਖਿਡਾਰੀ ਰਾਸ਼ਟਰੀ ਪੱਧਰ ਤੇ ਉੱਚ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀ ਖਿਡਾਰੀ ਨੂੰ ਹੋਰ ਮਿਹਨਤ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਛਾਪ ਛੱਡਣ ਲਈ ਪ੍ਰੇਰਿਆ। ਡਾ. ਤਰਸੇਮ ਸਿੰਘ ਮੁਖੀ, ਸਰੀਰਕ ਸਿੱਖਿਆ ਤੇ ਖੇਡ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਿੰਦਰਬੀਰ ਸਿੰਘ ਪਿਛਲੇ ਸਾਲ ਵਰਲਡ ਯੂਨੀਵਰਸਿਟੀ ਗੇਮਜ਼ ਇਟਲੀ ਵਿੱਚ ਵੀ ਭਾਗ ਲੈ ਚੁੱਕਾ ਹੈ। ਕਾਲਜ ਵਲੋਂ ਉਸ ਦੀ ਟ੍ਰੇਨਿੰਗ ਲਈ ਸਹੂਲਤ ਦਿੱਤੀ ਜਾ ਰਹੀ ਹੈ। ਇਸ ਮੌਕੇ ਕੋਚ ਸਰਬਜੀਤ ਸਿੰਘ ਹੈਪੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਸਪੋਰਟਸ ਵੀ ਹਾਜ਼ਰ ਸਨ।