ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਭਾਰਤ ਦੀ ਅਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ‘ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਫਿਟ ਇੰਡੀਆ ਫਰੀਡਮ ਰਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਅਤੇ ਵਿਸ਼ੇਸ਼ ਮਹਿਮਾਨ ਵਜੋਂ ਆਈ.ਏ.ਐਸ ਅਫਸਰ ੳਜਸਵੀ ਅਲੰਕਾਰ ਨੇ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਪ੍ਰਿੰਸੀਪਲ ਸਮਰਾ ਨੇ ਆਪਣੇ ਭਾਸ਼ਣ ਵਿਚ ਨੋਜਵਾਨ ਪੀੜ੍ਹੀ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਰੋਜ਼ ਸਵੇਰੇ ਉੱਠ ਕੇ ਕਸਰਤ ਕਰਨ ਲਈ ਪ੍ਰੇਰਿਆ। ਉਹਨਾਂ ਨੇ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਅੱਜ ਕੋਵਿਡ-19 ਮਹਾਂਮਾਰੀ ਨੇ ਦੁਨੀਆਂ ਨੂੰ ਇਕ ਸੁਨੇਹਾ ਦਿੱਤਾ ਹੈ ਕਿ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਦੀ ਨਹੀਂ ਬਲਕਿ ਰੋਜ਼ ਕਸਰਤ ਦੀ ਜ਼ਰੂਰਤ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਜਗਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਜਿਵੇਂ ਖੇਡਾਂ, ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈ ਕੇ ਸਾਕਾਰਾਤਮਕ ਸੋਚ ਅਪਣਾਉਣ ਦਾ ਸੰਦੇਸ਼ ਦਿੱਤਾ। ਵਿਸ਼ੇਸ਼ ਮਹਿਮਾਨ ੀਅਸ਼ ੳਜਸਵੀ ਅਲੰਕਾਰ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ, ਲਗਨ ਅਤੇ ਇਕ ਚੰਗੀ ਸੇਧ ਅਪਣਾਉਣ ਲਈ ਕਿਹਾ।
ਫਿਟ ਇੰਡੀਆ ਰਨ ਦਾ ਆਰੰਭ ਲਾਇਲਪੁਰ ਖ਼ਾਲਸਾ ਕਾਲਜ ਦੀ ਸਪੋਰਟਸ ਗਰਾਂਊਂਡ ਤੋਂ ਹੋਇਆ। ਵਿਦਿਆਰਥੀਆਂ ਨੇ ਦੌੜਦੇ ਹੋਏ ਕੈਂਟ ਦੇ ਗੇਟ ਤੋਂ ਵਾਪਸ ਮੁੜ ਕੇ ਇਹ ਦੌੜ ਕਾਲਜ ਆ ਕੇ ਖ਼ਤਮ ਕੀਤੀ। ਇਸ ਪ੍ਰੋਗਰਾਮ ਦਾ ਸੰਚਾਲਨ ਐਨ.ਐਸ.ਐਸ. ਚੀਫ਼ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਦੀ ਅਗਵਾਈ ਵਿਚ ਹੋਇਆ। ਕਾਲਜ ਦੇ ਡੀਨ ਸਪੋਰਟਸ ਐਸ.ਐਸ.ਬੈਂਸ, ਪ੍ਰੋ. ਸੰਦੀਪ ਅਹੂਜਾ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਪ੍ਰਿਯਾਂਕ ਸ਼ਾਰਧਾ, ਡਾ. ਨਵਨੀਤ ਅਰੌੜਾ, ਡਾ. ਅਮਨਦੀਪ ਕੌਰ, ਨਹਿਰੂ ਯੁਵਾ ਕੇਂਦਰ ਦੇ ਮੁੱਖੀ ਨਿਤਿਆ ਨੰਦ, ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਮਸ਼ਹੂਰ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਨੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਯੋਗਦਾਨ ਪਾਇਆ। ਜਲੰਧਰ ਦੇ ਬਾਕੀ ਕਾਲਜਾਂ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਅਤੇ ਵਿਦਿਆਰਥੀਆਂ ਨੇ ਵੀ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।