ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਜਲੰਧਰ ਵਿਖੇ ਰਿਸਰਚ ਮੈਥੇਡੋਲੋਜੀ ਅਤੇ ਡਾਟਾ ਅਨੈਲਸਿਸ ਵਿਸ਼ੇ ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸਦੇ ਉਦਘਾਟਨੀ ਸਮਾਰੋਹ ਵਿੱਚ ਡਾ. ਟੀ.ਐਸ. ਬੈਨੀਪਾਲ, ਡੀਨ ਕਾਲਜ ਵਿਕਾਸ ਕਾਊਂਸਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਤੇ ਆਈ.ਟੀ.ਵਿਭਾਗ ਅਤੇ ਪ੍ਰੋ.ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ ਦੁਆਰਾ ਮੁੱਖ ਮਹਿਮਾਨ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਛੇ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਅਤੇ ਹੋਰ ਖੋਜਾਰਥੀਆਂ ਨੂੰ ਰਿਸਰਚ ਮੈਥੇਡੋਲੋਜੀਜ਼ ਦਾ ਅਧਿਐਨ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਵਿਗਿਆਨ ਤੇ ਸੂਚਨਾ ਟੈਕਨਾਲੋਜੀ ਦੇ ਦੌਰ ਵਿੱਚ ਰਿਸਰਚ ਵਾਸਤੇ ਬਹੁਤ ਸਾਰੇ ਖੇਤਰ ਖੁੱਲ੍ਹੇ ਪਏ ਹਨ। ਖੋਜਾਰਥੀਆਂ ਨੂੰ ਇਸ ਖੇਤਰ ਵਿੱਚ ਅਧਿਐਨ ਕਰਦਿਆਂ ਨਵੀਨ ਖੋਜਾਂ ਕਰਨੀਆਂ ਚਾਹੀਦੀਆਂ ਹਨ। ਇਹਨਾਂ ਖੋਜਾਂ ਅਤੇ ਪ੍ਰੋਜੈਕਟਸ ’ਤੇ ਖੋਜ ਰਿਸਰਚ ਮੈਥੇਡੋਲੋਜੀ ਦੀ ਸਮਝ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਲਈ ਅਜਿਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਉਨਾਂ ਇਸ ਐਫ.ਡੀ.ਪੀ. ਲਈ ਕਨਵੀਨਰ ਡਾ. ਮਨੋਹਰ ਸਿੰਘ, ਕੋਆਰਡੀਨੇਟਰ ਡਾ. ਬਲਦੇਵ ਸਿੰਘ ਅਤੇ ਪ੍ਰੋ. ਸੰਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਐਫ.ਡੀ.ਪੀ. ਲਗਾ ਰਹੇ ਸਮੂਹ ਅਧਿਆਪਕਾਂ ਤੇ ਖੋਜਾਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਡਾ. ਬੈਨੀਪਾਲ ਨੇ ਨਵੀਨ ਰਿਸਰਚ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਕਨਵੀਨਰ ਡਾ. ਮਨੋਹਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਵੱਖ-ਵੱਖ ਕਾਲਜਾਂ ਦੇ ਵੱਖ-ਵੱਖ ਵਿਸ਼ਿਆਂ ਦੇ 70 ਅਧਿਆਪਕ ਭਾਗ ਲੈ ਰਹੇ ਹਨ। ਉਨਾਂ ਦੱਸਿਆ ਕਿ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਕਲੱਸਟਰਿੰਗ, ਡਾਟਾ ਸਾਇੰਸ, ਡਾਟਾ ਐਨਾਲੀਟਿਕਸ, ਬਿਜਨੈਸ ਤਕਨੀਕਾਂ, ਡਾਟਾ ਅਧਿਐਨ ਲਈ ਸਾਫ਼ਟ ਕੰਪਿਊਟਿੰਗ ਤਕਨੀਕਾਂ, ਆਰ ਪ੍ਰੋਗਰਾਮਿੰਗ, ਮਸ਼ੀਨ ਲਰਨਿੰਗ ਵਰਗੇ ਕਈ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਦਘਾਟਨੀ ਸਮਾਰੋਹ ਦੌਰਾਨ ਮੰਚ ਸੰਚਾਲਨ ਡਾ. ਦਲਜੀਤ ਕੌਰ ਨੇ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਸਮੂਹ ਅਧਿਆਪਕ ਹਾਜ਼ਰ ਸਨ।