ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਮੈਗਜ਼ੀਨ ‘ਬਿਆਸ’ ਇਸ ਵੇਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਹਿਤ ਗੁਰੂ ਜੀ ਨੂੰ ਕੇਵਲ ਸਮਰਪਿਤ ਹੀ ਨਹੀਂ ਕੀਤਾ ਗਿਆ ਸਗੋਂ ਇਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਲਿਖੀਆਂ ਸਾਰੀਆਂ ਰਚਨਾਵਾਂ ਹੀ ਗੁਰੂ ਜੀ ਦੇ ਜੀਵਨ, ਬਾਣੀ ਅਤੇ ਕਾਰਜਾਂ ਨਾਲ ਸੰਬੰਧਿਤ ਹਨ। ਇਸ ਵਿਲੱਖਣ ਅੰਕ ਨੂੰ ਲੋਕ ਅਰਪਣ ਕਰਨ ਸੰਬੰਧੀ ਸਮਾਗਮ ਵਿਚ ਲਾਇਲਪੁਰ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਇਸ ਸ਼ਤਾਬਦੀ ਵਰ੍ਹੇ ਵਿਚ ਗੁਰੂ ਜੀ ਨਾਲ ਸੰਬੰਧਿਤ ਸਮਾਗਮਾਂ, ਸੈਮੀਨਾਰਾਂ ਅਤੇ ਧਾਰਮਿਕ ਪੁਰਬਾਂ ਦੇ ਨਾਲ ਗੁਰੂ ਜੀ ਸੰਬੰਧੀ ਕੁਝ ਲਿਖਤੀ ਰੂਪ ਵਿਚ ਵੀ ਪੇਸ਼ ਕਰਨ ਦੀਆਂ ਚਾਹਵਾਨ ਹਨ ਜਿਸ ਦਾ ਇੱਕ ਰੂਪ ‘ਬਿਆਸ’ ਦਾ ਇਹ ਹੱਥਲਾ ਅੰਕ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਸਾਡੀ ਸੰਸਥਾ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦਿਆਂ ਵਕਤ ਦੀਆਂ ਲੋੜਾਂ ਮੁਤਾਬਕ ਆਧੁਨਿਕ ਵਿੱਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਅਸੀਂ ਨਿਰੰਤਰ ਯਤਨਸ਼ੀਲ ਰਹਿੰਦੇ ਹਾਂ। ‘ਬਿਆਸ’ ਦੇ ਮੁੱਖ ਸੰਪਾਦਕ ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਮੌਕੇ ’ਤੇ ਸਰਦਾਰਨੀ ਬਲਬੀਰ ਕੌਰ ਜੀ ਅਤੇ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਸਮਰਾ ਦਾ ਉਨ੍ਹਾਂ ਵੱਲੋਂ ਇਸ ਕਾਰਜ ਲਈ ਮਿਲੀ ਸਰਪ੍ਰਸਤੀ ਲਈ ਧੰਨਵਾਦ ਕੀਤਾ ਅਤੇ ਆਪਣੇ ਸੰਪਾਦਕੀ ਮੰਡਲ ਦੇ ਸਮੂਹ ਮੈਂਬਰਾਨ ਜਿਨ੍ਹਾਂ ਵਿਚ ਪ੍ਰੋ. ਜਸਵਿੰਦਰ ਕੌਰ, ਡਾ. ਬਲਰਾਜ ਕੌਰ, ਡਾ. ਜਸਵੰਤ ਕੌਰ, ਪ੍ਰੋ. ਰਵਨੀਤ ਬੈਂਸ, ਡਾ. ਜਸਵਿੰਦਰ ਕੌਰ, ਡਾ. ਸੁਰਿੰਦਰਪਾਲ ਮੰਡ, ਡਾ. ਹਰਜਿੰਦਰ ਸਿੰਘ ਸੇਖੋਂ ਤੇ ਡਾ. ਭਾਵਨਾ ਅਰੋੜਾ, ਸ਼ਾਮਿਲ ਹਨ ਦੀ ‘ਬਿਆਸ’ ਦੇ ਇਸ ਵਿਲੱਖਣ ਅੰਕ ਦੇ ਸੰਪਾਦਨ ਕਾਰਜ ਵਿਚ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਲਈ ਸ਼ਲਾਘਾ ਕੀਤੀ।