ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ ਅੱਜ ਸੱਤ ਰੋਜ਼ਾ ਕੈਂਪ ਦਾ ਆਰੰਭ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਕੈਂਪ ਦੀ ਸ਼ੁਰੂਆਤ ਵੇਲੰਟੀਅਰਾਂ ਵਲੋਂ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਿੱਦਿਆ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀਆਂ ਉਸਾਰੂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੇ ਖ਼ਰਾਬ ਮੌਸਮ ਦੇ ਬਾਵਜੂਦ ਕੈਂਪ ਲਈ ਜੋਸ਼ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਾਰੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਅਤੇ ਵਿਦਿਆਰਥੀਆਂ ਵਲੋਂ ਸੋਂਹ ਚੁੱਕੀ ਗਈ। ਵਿਦਿਆਰਥੀਆਂ ਨੂੰ ਚਾਰ ਗਰੁੱਪਾਂ ਵਿਚ ਵੰਡਦੇ ਹੋਏ ਪਹਿਲੇ ਦਿਨ ਦੇ ਕਾਰਜ ਸੋਂਪੇ ਗਏ। ਸ਼ਾਮ ਦੇ ਸਮੇਂ ਵਿਚ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ ਉਹਨਾਂ ਵਿਚ ‘ਯੂਥ ਫੈਸਟੀਵਲ ਕਿਵੇਂ ਨੌਜਵਾਨਾਂ ਦੇ ਸਰਵ-ਪੱਖੀ ਵਿਕਾਸ ਵਿਚ ਸਹਾਈ ਹੁੰਦਾ ਹੈ” ਵਿਸ਼ੇ ਤੇ ਗਰੁੱਪ ਡਿਸਕਸ਼ਨ ਕਰਵਾਈ ਗਈ। ਇਹ ਸਾਰੀਆਂ ਗਤੀਵਿਧੀਆਂ ਐਨ.ਐਸ.ਐਸ. ਦੇ ਕੋਆਰਡੀਨੇਟਰ ਡਾ. ਤਰਸੇਮ ਸਿੰਘ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਡਾ. ਪ੍ਰਿਯਾਂਕ ਸ਼ਾਰਧਾ, ਡਾ. ਅਮਨਦੀਪ ਕੌਰ, ਡਾ. ਨਵਨੀਤ ਅਰੌੜਾ ਅਤੇ ਪ੍ਰੋ. ਸਤਪਾਲ ਸਿੰਘ ਦੀ ਅਗਵਾਈ ਅਧੀਨ ਸਫ਼ਲਤਾਪੂਰਵਕ ਕਰਵਾਈ ਗਈਆਂ।