ਜਲੰਧਰ : ਹਜਰਤ ਸਾਈਂ ਮੀਆਂ ਮੀਰ ਦਰਬਾਰ ਲਾਹੌਰ ਦੇ ਸੰਚਾਲਕ ਅਤੇ ਸਾਈਂ ਮੀਆਂ ਮੀਰ ਜੀ ਦੇ ਵੰਸ਼ ਦੇ ਵਾਰਿਸ ਸਾਈਂ ਸਾਇਦ ਅਲੀ ਰਜ਼ਾ ਗਿਲਾਨੀ ਕਾਦਰੀ ਦੇ ਵਿਸ਼ੇਸ਼ ਯਤਨਾਂ ਸਦਕਾ ਲਾਹੌਰ ‘ਚ ਪਿਛਲੇ ਦਿਨੀਂ ਵਿਸ਼ਵ ਸ਼ਾਂਤੀ ਲਈ ਇੱਕ ਵਿਸ਼ੇਸ਼ ਕਾਨਫ਼ਰੰਸ ਕਰਵਾਈ ਗਈ । ਜਿਸ ਦੌਰਾਨ ਜਿੱਥੇ ਵੱਖ-ਵੱਖ ਪੀਰ-ਪੈਗੰਬਰਾਂ ਤੇ ਸਾਈਆਂ ਦੇ ਵੰਸ਼ ਦੇ ਮੈਂਬਰਾਂ,ਗੱਦੀ ਨਸ਼ੀਨਾਂ,ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਵਿਸ਼ਵ ਸ਼ਾਂਤੀ ਲਈ ਸੁਹਿਰਦ ਯਤਨ ਕਰਨ ਵਾਲੀਆਂ ਹੋਰਨਾਂ ਮਹਾਨ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਅੰਦਰ ਕੰਮ ਕਰਨ ਦੇ ਆਪਣੇ ਵੱਖਰੇ ਅੰਦਾਜ਼ ਕਾਰਨ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਡਾ. ਐਸ.ਪੀ.ਸਿੰਘ ਓਬਰਾਏ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਕਰਵਾਈ ਗਈ ਇਸ ਵਿਸ਼ੇਸ਼ ਕਾਨਫਰੰਸ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਵਿਸ਼ਵ ਸ਼ਾਂਤੀ ਲਈ ਇਕ ਆਦਰਸ਼ ਲੈ ਕੇ ਚੱਲਣਾ ਹੋਵੇਗਾ ਤੇ ਇਹ ਆਦਰਸ਼ ਹੈ ਹਿੰਸਾ ਤੇ ਅਰਾਜਕਤਾ ਤੋਂ ਰਹਿਤ ਸਮਾਜ ਦਾ ਨਿਰਮਾਣ। ਉਨਾਂ ਕਿਹਾ ਕਿ ਸਾਰੇ ਧਰਮ ਸਮੁੱਚੇ ਵਿਸ਼ਵ ਦੀ ਭਲਾਈ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੰਦੇ ਹਨ,ਇਸ ਲਈ ਸਾਨੂੰ ਆਪਸੀ ਵੈਰ ਵਿਰੋਧ ਖਤਮ ਕਰ ਕੇ ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਲੈ ਕੇ ਜਾਣਾ ਚਾਹੀਦਾ ਹੈ ।ਕਾਨਫਰੰਸ ਦੌਰਾਨ ਆਪਣੇ ਸੰਬੋਧਨ ‘ਚ ਪ੍ਰਮੁੱਖ ਬੁਲਾਰਿਆ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਸਾਨੂੰ ਸਭ ਨੂੰ ਫਖ਼ਰ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਲਈ ਤਾਂ ਸਭ ਸੋਚਦੇ ਹਨ ਪਰ ਸਹੀ ਅਰਥਾਂ ‘ਚ ਡਾ.ਓਬਰਾਏ ਅਸਲ ਇਨਸਾਨ ਹਨ,ਜੋ ਬਿਨਾਂ ਕਿਸੇ ਭੇਦ ਭਾਵ ਦੇ ਹਰ ਮਜ਼ਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਪੂਰੀ ਦੁਨੀਆਂ ਅੰਦਰ ਬਿਨ੍ਹਾਂ ਕਿਸੇ ਸਵਾਰਥ ਦੇ ਆਪਣੀ ਨੇਕ ਕਮਾਈ ‘ਚੋੰ ਅਨੇਕਾਂ ਹੀ ਸੇਵਾ ਕਾਰਜ ਕਰ ਰਹੇ ਹਨ। ਜਿਸ ਦੀ ਬਦੌਲਤ ਪੂਰੀ ਦੁਨੀਆਂ ਅੰਦਰ ਪਿਆਰ ਤੇ ਸ਼ਾਂਤੀ ਦਾ ਪਸਾਰ ਹੋ ਰਿਹਾ ਹੈ। ਇਸ ਕਾਨਫ਼ਰੰਸ ਦੌਰਾਨ ਜਿੱਥੇ ਡਾ. ਓਬਰਾਏ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਉੱਥੇ ਹੀ ਡਾ. ਓਬਰਾਏ ਨੂੰ ਪਿਛਲੇ ਦਿਨੀਂ ਫਰਾਂਸ ਦੀ ਰਾਜਧਾਨੀ ਪੈਰਿਸ ਅੰਦਰ ਹੋਏ 12ਵੇਂ ਵਿਸ਼ਵ ਸਾਇੰਟੀਫ਼ਿਕ ਸੰਮੇਲਨ ਦੌਰਾਨ “ਪਰਉਪਕਾਰੀ ਆਫ਼ ਦਾ ਯੀਅਰ ” ਐਲਾਨਦਿਆਂ ਉਨ੍ਹਾਂ ਨੂੰ “ਮੈਡਲ ਆਫ਼ ਪੈਰਿਸ” ਤੇ “ਮੈਡਲ ਫਾਰ ਪੀਸ” ਨਾਲ ਸਨਮਾਨਿਤ ਹੋਣ ਤੇ ਮੁਬਾਰਕਬਾਦ ਵੀ ਦਿੱਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਓਬਰਾਏ ਨੇ ਕਿਹਾ ਕਿ ਹਰ ਇਨਸਾਨ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦਾ ਦਿਲ ਦੁਖੇ । ਉਨ੍ਹਾਂ ਕਿਹਾ ਹਰ ਸੱਚਾ ਸਿੱਖ ਹਮੇਸ਼ਾ ‘ਸਰਬੱਤ ਦਾ ਭਲਾ’ ਮੰਗਦਾ ਹੈ ਅਤੇ ਉਸ ਦੀ ਪਰਮ ਪਿਤਾ ਪਰਮਾਤਮਾ ਅੱਗੇ ਇਹੋ ਅਰਦਾਸ ਹੁੰਦੀ ਹੈ ਕਿ ਸਮੁੱਚੇ ਆਲਮ ਨੂੰ ਸੁੱਖ ਸ਼ਾਂਤੀ ਬਖ਼ਸ਼ੀਂ। ਉਨ੍ਹਾਂ ਕਿਹਾ ਕਿ ਜੇਕਰ ਹਰ ਇਕ ਇਨਸਾਨ ਦੀ ਸੋਚ ‘ਸਰਬੱਤ ਦਾ ਭਲਾ’ ਮੰਗਣ ਵਾਲੀ ਹੋ ਜਾਵੇ ਤਾਂ ਇਸ ਧਰਤੀ ‘ਤੇ ਨਫ਼ਰਤ, ਈਰਖਾ ਲਈ ਕੋਈ ਥਾਂ ਨਹੀਂ ਬਚੇਗੀ ਤੇ ਹਰ ਪਾਸੇ ਸੁੱਖ ਤੇ ਖੁਸ਼ਹਾਲੀ ਹੀ ਨਜ਼ਰ ਆਵੇਗੀ। ਕਾਨਫਰੰਸ ‘ਚ ਉਪਰੋਕਤ ਤੋਂ ਇਲਾਵਾ ਪੀਰ ਕਾਮਰ ਸੁਲਤਾਨ ਕਾਦਰੀ ਗੱਦੀ ਨਸ਼ੀਨ ਹਜ਼ਰਤ ਸੁਲਤਾਨ ਬਾਹੂ ਜੰਗ,ਦੀਵਾਨ ਅਜ਼ਮਤ ਹੁਸੈਨ ਮੁਹੰਮਦ ਗੱਦੀ ਨਸ਼ੀਨ ਦਰਬਾਰ ਬਾਬਾ ਫ਼ਰੀਦ ਉਲ ਦੀਨ ਗੰਜ ਸ਼ਾਕਰ,ਪੀਰ ਅਖ਼ਤਰ ਰਸੂਲ ਕਾਦਰੀ ਖਲੀਫਾ ਦਰਬਾਰ ਸਾਈਂ ਮੀਆਂ ਮੀਰ ਜੀ ਕਾਦਰੀ,ਪੀਰ ਸਾਇਦ ਮਾਸੂਮ ਨਕਵੀ ਪ੍ਰਧਾਨ ਜਾਮਤ-ਏ- ਉਲਮਾ ਪਾਕਿਸਤਾਨ,ਅਲਮਾ ਹੁਸੈਨ ਅਕਬਰ ਸਰਪ੍ਰਸਤ ਮਨਹਾਜ਼ ਉੱਲ ਹਸੈਨ,ਫ਼ਰੀਦ ਪਰਾਚਾ ਸਰਪ੍ਰਸਤ ਯਮਾਤ ਪਾਕਿਸਤਾਨ,ਮੌਲਾਨਾ ਰਾਗੀਬ ਨਾਈਮੀ ਜਾਮੀਆ ਨਾਈਮੀ ਲਾਹੌਰ,ਪੀਰ ਮਾਸੂਮ ਮਾਸੂਮੀ ਨਾਕਸ਼ਬੰਦੀ ਆਦਿ ਸਮੇਤ 200 ਦੇ ਕਰੀਬ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ ।