ਲੁਧਿਆਣਾ :
ਲੁਧਿਆਣਾ ਵਿੱਚ ਕਰੋਨਾ ਵਾਇਰਸ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕੋ ਵਾਰ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਸੰਖਿਆ 77 ਹੋ ਗਈ ਹੈ। ਫੈਮਿਲੀ ਵੈੱਲਫੇਅਰ ਡਿਪਾਰਟਮੈਂਟ ਪੰਜਾਬ ਦੇ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਿਹੜੇ 48 ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਵਿੱਚੋਂ 38 ਮਾਮਲੇ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਹਨ। ਇਨ੍ਹਾਂ ਸਾਰਿਆਂ ਦੇ ਸੈਂਪਲ ਬੁੱਧਵਾਰ ਨੂੰ ਲੈ ਗਏ ਸਨ। ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਵੀ ਇਸ ਸਬੰਧੀ ਪੁਸ਼ਟੀ ਕਰ ਦਿੱਤੀ ਹੈ।
ਪਰ ਇਸ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਹੁਣ ਉਹ ਜਲਦ ਹੀ ਆਪਣੇ ਘਰ ਜਾ ਸਕਣਗੇ। ਉਨ੍ਹਾਂ ਦਾ ਇਲਾਜ ਡੀਐੱਮਸੀ ਵਿੱਚ ਚੱਲ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਦੁਬਾਰਾ ਡਿਊਟੀ ਜੁਆਇਨ ਕਰਨਗੇ ਅਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਦੂਸਰੀ ਰਿਪੋਰਟ ਆਉਣੀ ਬਾਕੀ ਹੈ। ਦੂਜੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੇ ਸਾਥੀ ਏਐੱਸਆਈ ਅਤੇ ਏਸੀਪੀ ਦੇ ਗੰਨਮੈਨ ਅਤੇ ਏਸੀਪੀ ਦੀ ਪਤਨੀ ਦੀ ਰਿਪੋਰਟ ਵੀ ਨੈਗਟਿਵ ਹੈ। ਇਨ੍ਹਾਂ ਦੀ ਅਜੇ ਦੂਸਰੀ ਰਿਪੋਰਟ ਆਉਣੀ ਬਾਕੀ ਹੈ।