ਫਗਵਾੜਾ, 14 ਅਕਤੂਬਰ (ਸ਼ਿਵ ਕੋੜਾ) ਕੇਂਦਰ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਵਲੋਂ ਦਿੱਤੇ ਸੱਦੇ ‘ਤੇ ਪ੍ਰੋ: ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ, ਭਜਨ ਸਿੰਘ ਵਿਰਕ, ਭਿੰਡਰ ਪਟਵਾਰੀ, ਮਾਸਟਰ ਸਾਧੂ ਸਿੰਘ, ਸ਼ਾਮ ਸਰਗੂੰਦੀ ਦੀ ਅਗਵਾਈ ਹੇਠ ਸਥਾਨਕ ਵਿਸ਼ਰਾਮ ਘਰ ਵਿਖੇ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ‘ਚ ਹੋਈਆਂ ਕਿਸਾਨਾਂ ਅਤੇ ਪੱਤਰਕਾਰਾਂ ਦੀਆਂ ਸਾਜ਼ਿਸ਼ੀ ਹੱਤਿਆਵਾਂ ਖਿਲਾਫ਼ ਰੋਸ ਰੈਲੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਪ੍ਰੋ: ਸੰਧੂ ਵਰਿਆਣਵੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਇਹ ਹੱਤਿਆਵਾਂ ਸਾਜ਼ਿਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ। ਕਿਸਾਨਾਂ ਦੇ ਸ਼ਾਂਤਮਈ ਚੱਲ ਰਹੇ ਲੰਮੇ ਸੰਘਰਸ਼ ਨੂੰ ਤਾਰ ਪੀਡੋ ਕਰਨ ਲਈ ਅਜਿਹੀ ਕਾਰਵਾਈ ਕੀਤੀ ਗਈ ਹੈ ਤਾਂ ਜੋ ਲੰਮੇ ਸਮੇਂ ਤੋਂ ਚਲੇ ਆ ਰਹੇ ਸੰਘਰਸ਼ ਨੂੰ ਦਮਨਕਾਰੀ ਢੰਗ ਨਾਲ ਕੁਚਲਿਆ ਜਾ ਸਕੇ। ਸ: ਸਾਧੂ ਸਿੰਘ ਨੇ ‘ਫੁੱਟ ਪਾਓ ਅਤੇ ਭੜਕਾਊ ਕਾਰਵਾਈਆਂ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਵੀ ਤਾਕੀਦ ਕੀਤੀ। ਇਸ ਸਮੇਂ ਭਜਨ ਸਿੰਘ ਵਿਰਕ, ਬਲਦੇਵ ਰਾਜ ਕੋਮਲ, ਭਿੰਡਰ ਪਟਵਾਈ, ਕੁਲਵੰਤ ਕੌਰ, ਬੇਟੀ ਨਰਗਿਸ, ਮਨੋਜ ਫਗਵਾੜਵੀ, ਸ਼ਾਮ ਸਰਗੂੰਦੀ, ਗੁਰਮੀਤ ਸਿੰਘ ਰੱਤੂ, ਸੀਤਲ ਰਾਮ ਬੰਗਾ, ਹਰਚਰਨ ਭਾਰਤੀ, ਪਰਵਿੰਦਰ ਜੀਤ ਸਿੰਘ ਆਦਿ ਨੇ ਵੀ ਸੰਬੋਧਿਤ ਕੀਤਾ। ਇਸ ਤੋਂ ਬਾਅਦ ਨਾਅਰਿਆਂ ਦੀ ਗੂੰਜ਼ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਬੀਬਾ ਕੁਲਵੰਤ ਕੌਰ ਨੇ ਜੁਝਾਰੂ ਕਵਿਤਾਵਾਂ ਪੇਸ਼ ਕਰਦੀਆਂ ਨਿਭਾਇਆ।